Punjabi Essay, Paragraph on “ਗਰਮੀ ਦੀ ਰੁੱਤ” “Garmi di Rut” Best Punjabi Lekh-Nibandh for Class 6, 7, 8, 9, 10 Students.

ਗਰਮੀ ਦੀ ਰੁੱਤ

Garmi di Rut

ਭੂਮਿਕਾ- ਭਾਰਤ ਵਿਚ ਮੁੱਖ ਛੇ ਰੁੱਤਾਂ ਆਉਂਦੀਆਂ ਹਨ। ਇਹਨਾਂ ਵਿਚੋਂ ਇਕ ਗਰਮੀ ਦੀ ਰੁੱਤ ਹੈ। ਅਪ੍ਰੈਲ ਦਾ ਮਹੀਨਾ ਗਰਮੀ ਦਾ ਅਰੰਭ ਸਮਝਣਾ ਚਾਹੀਦਾ ਹੈ। ਵਿਸਾਖੀ ਵਾਲੇ ਦਿਨ ਤੋਂ ਪਿਛੋਂ ਗਰਮੀ ਦਿਨੋ-ਦਿਨ ਚੜ੍ਹਦੀਆਂ ਕਲਾਂ ਵੱਲ ਜਾਣ ਲਗਦੀ ਹੈ। ਮਈ ਅਤੇ ਜੂਨ ਵਿਚ ਇਹ ਭਰ ਜੁਆਨ ਹੋ ਜਾਂਦੀ ਹੈ।ਜੁਲਾਈ ਦੇ ਮਹੀਨੇ ਬੱਦਲ ਦੀ ਪਹਿਲੀ ਗਰਜ ਨਾਲ ਇਹ ਆਪਣਾ ਬੋਰੀਆ ਬਿਸਤਰਾ ਗੋਲ ਕਰ ਲੈਂਦੀ ਹੈ।

 

ਲੋਕਾਂ ਦਾ ਨੱਕ ਦਮ ਆਉਣਾ— ਸਿਆਲ ਦੇ ਪਾਲੇ ਦੇ ਝੰਬੇ ਅਤੇ ਲਤਾੜੇ ਹੋਏ ਲੋਕ ਹਾਲੇ ਬਸੰਤ ਰੁੱਤ ਵਿਚ ਪਾਲੇ ਤੋਂ ਸੁਖ ਦਾ ਸਾਹ ਲੈਂਦੇ ਹੀ ਹਨ ਕਿ ਗਰਮੀ ਆਪਣਾ ਜ਼ੋਰ ਦਿਖਾਉਣ ਲੱਗ ਪੈਂਦੀ ਹੈ। ਕਈ ਵਾਰ ਤਾਂ ਇੰਨੀ ਗਰਮੀ ਹੋ ਜਾਂਦੀ ਹੈ ਕਿ ਨੱਕ ‘ਚ ਦਮ ਆ ਜਾਂਦਾ ਹੈ।ਜੀਵ-ਜੰਤੂ ਗਰਮੀ ਤੋਂ ਸਿਰ ਲੁਕਾਉਣ ਲਈ ਥਾਂ ਭਾਲਦੇ ਫਿਰਦੇ ਹਨ।ਲੋਕੀ ਆਪਣੇ ਘਰਾਂ ਵਿਚ ਲੁਕ ਜਾਂਦੇ ਹਨ।ਪੰਜਾਬੀ ਦਾ ਪ੍ਰਸਿੱਧ ਅਖਾਣ ਹੈ—

ਜੇਠ ਹਾੜ੍ਹ ਕੁੱਖੀ ਅਤੇ ਸੌਣ ਭਾਦੋਂ ਰੁੱਖੀ।”

ਭਾਵ ਲੋਕ ਗਰਮ ਲੂ ਤੋਂ ਡਰਦੇ ਜੇਠਹਾੜ ਦੇ ਮਹੀਨੇ ਆਪਣੇ ਮਕਾਨਾਂ ਦੇ ਅੰਦਰੀਂ ਖੱਲੀਂ ਖੂੰਜੀ ਲੁਕ ਜਾਂਦੇ ਹਨ ਅਤੇ ਸਾਉਣ-ਭਾਦੋਂ ਵਿਚ ਬਹੁਤੇ ਮੀਂਹ ਪੈਣ ਨਾਲ ਹਵਾ ਵਿਚ ਨਮੀ ਆ ਜਾਂਦੀ ਹੈ ਅਤੇ ਲੋਕ ਬਾਹਰ ਰੁੱਖਾਂ ਦੀ ਛਾਂ ਅਤੇ ਖੁਲ੍ਹੀ ਹਵਾ ਵਿਚ ਬੈਠਣਾ ਪਸੰਦ ਕਰਦੇ ਹਨ। ਧਨੀ ਰਾਮ ਚਾਤ੍ਰਿਕ ਨੇ ਜੇਠ ਦੇ ਮਹੀਨੇ ਦਾ ਦ੍ਰਿਸ਼ ਅੱਗੇ ਲਿਖੀਆਂ ਸਤਰਾਂ ਵਿਚ ਚਿਤਰਿਆ ਹੈ—

ਸਿਖਰ ਦੁਪਹਿਰੇ ਜੇਠ ਦੀ ਵਰ੍ਹਨ ਪਏ ਅੰਗਿਆਰ

ਲੋਆਂ ਵਾਉ-ਵਰੋਲਿਆ ਰਾਹੀਂ ਪਏ ਖਲ੍ਹਾਰ

ਲੋਹ ਤਪੇ ਪ੍ਰਿਥਵੀ ਭਖਲਵਨ ਅਸਮਾਨ

ਮਈ-ਜੂਨ ਵਿਚ ਗਰਮੀ ਦਾ ਜ਼ੋਰ ਇੰਨਾ ਵੱਧ ਜਾਂਦਾ ਹੈ ਕਿ ਇਕ ਵਾਰ ਤਾਂ ਸਧਾਰਨ ਲੋਕਾਂ ਨੂੰ ਨਾਨੀ ਚੇਤੇ ਆ ਜਾਂਦੀ ਹੈ ਅਤੇ ਉਨ੍ਹਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲਦਾ ਹੈ— ‘ਹਾਇ ਗਰਮੀ ! ਹਾਇ ਗਰਮੀ’।

 

ਬਰੀਕ ਕੱਪੜੇ ਪਾਉਣੇ — ਜਿੱਥੇ ਸਿਆਲ ਦੀ ਰੁੱਤ ਵਿਚ ਲੋਕਾਂ ਨੇ ਗਰਮ ਅਤੇ ਨਿੱਘ ਕੱਪੜਿਆਂ ਦਾ ਸਹਾਰਾ ਲਿਆ ਸੀ, ਉੱਥੇ ਹੁਣ ਗਰਮੀ ਕਾਰਨ ਮਲਮਲ ਵਰਗੇ ਬਰੀਕ ਅਤੇ ਸਾਦੇ ਕੱਪੜੇ ਉਨ੍ਹਾਂ ਦਾ ਸਰੀਰ ਢੱਕਣ ਲਈ ਜ਼ਰੂਰੀ ਹੋ ਜਾਂਦੇ ਹਨ, ਪਰ ਵਿਚਾਰੇ ਸਧਾਰਨ ਅਤੇ ਗ਼ਰੀਬ ਲੋਕ ਤਾਂ ਪਿੰਡਾ ਹੀ ਹੰਢਾਉਂਦੇ ਹਨ।ਭਾਵ ਨੰਗੇ ਰਹਿ ਕੇ ਜਿਵੇਂ-ਤਿਵੇਂ ਗਰਮੀ ਦਾ ਭਵਸਾਗਰ ਪਾਰ ਕਰਦੇਹਨ ।

 

ਵਿਗਿਆਨਕ ਸਹਾਇਤਾ— ਗਰਮੀ ਦੀ ਰੁੱਤ ਵਿਚ ਅਮੀਰ ਲੋਕ ਆਪਣੀਆਂ ਕੋਠੀਆਂ ਦੇ ਕਮਰਿਆਂ ਨੂੰ ਏਅਰ ਕੰਡਿਸ਼ਨਰਾਂ ਨਾਲ ਆਪਣੀਆਂ ਚੀਜ਼ਾਂ ਠੰਢੀਆਂ ਕਰਦੇ ਹਨ ਅਤੇ ਉਹ ਰਾਤ ਨੂੰ ਘੋੜੇ ਵੇਚ ਕੇ ਅਰਾਮ ਨਾਲ ਸੌਂਦੇ ਹਨ।

 

ਗ਼ਰੀਬਾਂ ਲਈ ਇਹ ਰੁੱਤ ਹਊਏ ਦੇ ਸਮਾਨ- ਗ਼ਰੀਬ ਲੋਕਾਂ ਲਈ ਗਰਮੀ ਦੀ ਰੁੱਤ ਇਕ ਹਊਏ ਤੋਂ ਘੱਟ ਨਹੀਂ। ਬੱਚੇ, ਬੁੱਢੇ ਅਤੇ ਗੱਭਰੂ ਸਾਰੇ ਗਰਮੀ ਨਾਲ ਤੜਫਦੇ ਹਨ ਅਤੇ ਤ੍ਰਾਹ-ਤ੍ਰਾਹ ਕਰਦੇ ਹਨ।ਕੱਪੜਾ ਸਵੇਰੇ ਨੂੰ ਪਾਉਣ ਸ਼ਾਮ ਨੂੰ ਉਸ ਵਿਚੋਂ ਬਦਬੂ ਆਉਣ ਲੱਗ ਪੈਂਦੀ ਹੈ।ਚੀਜ਼ਾਂ ਗਰਮੀ ਨਾਲ ਸੜ ਜਾਂਦੀਆਂ ਹਨ। ਗਰਮੀ ਕਾਰਨ ਗ਼ਰੀਬਾਂ ਦੇ ਹੱਥੋਂ ਪੱਖਾ ਨਹੀਂ ਛੁੱਟਦਾ। ਕਿਸਾਨਾਂ ਦੀਆਂ ਫ਼ਸਲਾਂ ਤਿਹਾਈਆਂ ਹੀ ਸੁੱਕ-ਸੜ ਜਾਂਦੀਆਂ ਹਨ।

 

ਸਾਰਾਂਸ਼— ਅੰਤ ਵਿਚ ਅਸੀਂ ਆਖ ਸਕਦੇ ਹਾਂ ਕਿ ਗਰਮੀ ਦੀ ਰੁੱਤ ਬੇਲੋੜੀ ਨਹੀਂ। ਇਹ ਰੁੱਤ ਸਾਡੇ ਅਣਗਿਣਤ ਕੰਮ ਸੁਆਰਦੀ ਹੈ।ਗਰਮੀ ਨਾਲ ਹੀ ਫ਼ਸਲਾਂ ਪੱਕਦੀਆਂ ਹਨ ਅਤੇ ਵਧੇਰੇ ਗਰਮੀ ਪੈਣ ਨਾਲ ਵਰਖਾ ਰੁੱਤ ਦੇ ਆਉਣ ਲਈ ਮੈਦਾਨ ਤਿਆਰ ਹੁੰਦਾ ਹੈ। ਧਰਤੀ ਦੇ ਰੂਪ ਵਿਚ ਲਾਭਕਾਰੀ ਤਬਦੀਲੀ ਆ ਜਾਂਦੀ ਹੈ। ਬਰਫ਼ ਪੰਘਰਨ ਨਾਲ ਖੇਤਾਂ ਨੂੰ ਪਾਣੀ ਵਧੇਰੇ ਮਿਲਦਾ ਹੈ। ਬਿਜਲੀ ਉਤਪਾਦਨ ਵਿਚ ਵਾਧਾ ਹੋ ਜਾਂਦਾ ਹੈ। ਪਹਾੜਾਂ ਅਤੇ ਠੰਢੀਆਂ ਥਾਵਾਂ ‘ਤੇ ਜਾਣ ਲਈ ਮੌਕਾ ਪੈਦਾ ਹੁੰਦਾ ਹੈ। ਹਨੇਰੀਆਂ ਆਉਂਦੀਆਂ ਹਨ ਤਾਂ ਵਾਯੂਮੰਡਲ ਦੀ ਸਾਰੀ ਮੈਲ ਆਪਣੇ ਨਾਲ ਹੂੰਝ ਕੇ ਲੈ ਜਾਂਦੀਆਂ ਹਨ।ਸੱਚੀ ਗੱਲ ਤਾਂ ਇਹ ਹੈ ਕਿ ਕੁਦਰਤ ਦੇ ਕਾਰਖਾਨੇ ਵਿਚ ਕੋਈ ਚੀਜ਼ ਬੇਲੋੜੀ ਨਹੀਂ।

Leave a Reply