Punjabi Essay, Paragraph on “ਪੰਜਾਬ ਦੀਆਂ ਖੇਡਾਂ” “Punjab Diya Khada” Best Punjabi Lekh-Nibandh for Class 6, 7, 8, 9, 10 Students.

ਪੰਜਾਬ ਦੀਆਂ ਖੇਡਾਂ

Punjab Diya Khada

 

ਭੂਮਿਕਾ—ਖੇਡਾਂ ਮਨੁੱਖੀ ਜੀਵਨ ਦਾ ਇਕ ਅਟੁੱਟ ਅੰਗ ਹਨ। ਇਹਨਾਂ ਦੀ ਜੀਵਨ ਵਿਚਇਕ ਵਿਸ਼ੇਸ਼ ਥਾਂ ਹੈ। ਜਿਸ ਤਰ੍ਹਾਂ ਸਰੀਰ ਲਈ ਹਵਾ-ਪਾਣੀ ਭੋਜਨ ਦੀ ਲੋੜ ਹੈ, ਉਸੇ ਤਰ੍ਹਾਂ ਖੇਡਾਂ ਵੀ ਮਨੁੱਖੀ ਜੀਵਨ ਨੂੰ ਖੁਰਾਕ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੇ ਯੋਗ ਬਣਾਉਂਦੀਆਂ ਹਨ। ਖੇਡਾਂ ਦੁਆਰਾ ਦਿਮਾਗੀ ਅਤੇ ਸਰੀਰਕ ਦੋਵਾਂ ਤਰ੍ਹਾਂ ਦਾ ਥਕੇਵਾਂ ਦੂਰ ਹੁੰਦਾ ਹੈ। ਪੰਜਾਬੀ ਜੀਵਨ ਵਿਚ ਤਾਂ ਖੇਡਾਂ ਇੰਨੀਆਂ ਰਚ-ਮਿਚ ਚੁੱਕੀਆਂ ਹਨ ਕਿ ਬੱਚੇ ਤੋਂ ਲੈ ਕੇ ਬੁੱਢੇ ਤੱਕ ਇਹਨਾਂ ਦਾ ਅਨੰਦ ਮਾਣ ਬਿਨਾਂ ਨਹੀਂ ਰਹਿ ਸਕਦੇ। ਬੱਚਿਆਂ ਦੀ ਲੁੱਕਣ-ਮੀਟੀ ਤੋਂ ਲੈ ਕੇ ਬੁੱਢਿਆਂ ਦੀ ਬਾਰਾਂ ਟਾਹਣੀ, ਸ਼ਤਰੰਜ ਤੇ ਤਾਸ਼ ਭਰਪੂਰ ਮਨੋਰੰਜਨ ਕਰਦੀਆਂ ਹਨ।

 

ਆਧੁਨਿਕ ਯੁਗ ਵਿਚ ਖੇਡਾਂ ਦੀ ਥਾਂਆਧੁਨਿਕ ਯੁੱਗ ਵਿੱਚ ਤਾਂ ਖੇਡਾਂ ਬਹੁਤ ਪ੍ਰਚਲਤ ਹੋ ਚੁੱਕਿਆਂ ਹਨ। ਇਹਨਾਂ ਦੀ ਮਹਾਨਤਾ ਨੂੰ ਮੁੱਖ ਰੱਖਦਿਆਂ ਸਕੂਲਾਂ ਵਿਚ ਵਿਸ਼ੇਸ਼ ਤੌਰ ਤੇ ਇਹਨਾਂ ਦਾ ਧਿਆਨ ਰੱਖਿਆ ਜਾਂਦਾ ਹੈ, ਤਾਂ ਕਿ ਇਹਨਾਂ ਦੀ ਚੱਟਕ ਛੋਟੀ ਉਮਰ ਤੋਂ ਹੀ ਲੱਗ ਸਕੇ। ਸਕੂਲਾਂ ਵਿਚ ਸਰੀਰਕ ਸਿੱਖਿਆ ਦੇ ਵਿਸ਼ੇ ਨੂੰ ਲਾਜ਼ਮੀ ਬਣਾਇਆ ਗਿਆ ਹੈ। ਵਿਦਿਆਰਥੀ ਇਹਨਾਂ ਖੇਡਾਂ ਦੇ ਮੁਕਾਬਲਿਆਂ ਦਾ ਛੋਟੇ ਪੱਧਰ ਤੋਂ ਲੈ ਕੇ ਅੰਤਰ-ਰਾਸ਼ਟਰੀ ਪੱਧਰ ਤੱਕ ਅਨੰਦ ਮਾਣਦੇ ਹਨ। ਇਹਨਾਂ ਇਹ ਖੇਡਾਂ ਵਿੱਚ ਹਾਕੀ, ਫੁੱਟਬਾਲ, ਬੈਡਮਿੰਟਨ, ਬਾਸਕਟਬਾਲ, ਕ੍ਰਿਕਟ, ਵਾਲੀਵਾਲ, ਖੋ- ਖੋ, ਟੇਬਲ ਟੈਨਿਸ, ਕਬੱਡੀ ਆਦਿ ਹਨ।

 

ਪੰਜਾਬ ਦੀਆਂ ਮਸ਼ਹੂਰ ਖੇਡਾਂ-ਕੁੱਝ ਖੇਡਾਂ ਸਿਰਫ਼ ਪੰਜਾਬ ਵਿਚ ਹੀ ਖੇਡੀਆਂ ਜਾਂਦੀਆਂ ਹਨ। ਇਹ ਖੇਡਾਂ ਕਬੱਡੀ, ਕੁਸ਼ਤੀ ਗੁੱਲੀ ਡੰਡਾ, ਸੌਂਚੀ ਪੱਕੀ, ਲੂਣ ਤੇਲ ਲਲ੍ਹੇ, ਡੰਡ ਪਲਾਂਘੜਾ, ਲੂਣ ਸਿਆਣੀ, ਅਖ਼ਰੋਟ, ਕੂਕਾ ਕਾਂਗੜੇ, ਕੋਟਲਾ ਛਪਾਕੀ ਤੇ ਬਾਰਾਂ ਟਾਹਣੀ ਆਦਿ ਹਨ।

 

ਕਬੱਡੀ-ਕੱਬਡੀ ਪੰਜਾਬ ਦੀ ਇਕ ਬਹੁਤ ਹੀ ਹਰਮਨ ਪਿਆਰੀ ਤੇ ਪੁਰਾਣੀ ਖੇਡ ਹੈ। ਪੰਜਾਬੀ ਇਸ ਖੇਡ ਨੂੰ ਬੜੇ ਸ਼ੌਕ ਨਾਲ ਖੇਡਦੇ ਹਨ ਪੰਜਾਬ ਵਿਚ ਸ਼ਾਇਦ ਹੀ ਕੋਈ ਅਜਿਹਾ ਪਿੰਡ ਹੋਵੇਗਾ, ਜਿੱਥੇ ਸ਼ਾਮ ਨੂੰ ਗੱਭਰੂ ਕਬੱਡੀ ਨਾ ਖੇਡਦੇ ਹੋਣ। ਬਕਾਇਦਾ ਤੌਰ ਤੇ ਪਿੰਡਾਂ ਵਿੱਚ ਸਿਰਫ਼ ਕਬੱਡੀ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਪਿੰਡਾਂ ਦੇ ਪਿੰਡ ਇਸ ਖੇਡ ਵਿਚ ਹਿੱਸਾ ਲੈਂਦੇ ਹਨ ਤੇ ਜ਼ੋਰ ਅਜ਼ਮਾਈ ਕਰਦੇ ਹਨ। ਭਾਵੇਂ ਇਸ ਦਾ ਦੂਸਰਾ ਰੂਪ ਨੈਸ਼ਨਲ ਸਟਾਈਲ ਕਬੱਡੀ ਦੇ ਰੂਪ ਵੀ ਖੇਡਿਆ ਜਾਂਦਾ ਹੈ ਪਰੰਤੂ ਜੋ ਅਨੰਦ ਪੰਜਾਬ ਸਟਾਈਲ ਕਬੱਡੀ ਦੇਖ ਕੇ ਆਉਂਦਾ ਹੈ, ਉਹ ਨੈਸ਼ਨਲ ਸਟਾਈਲ ਵਿੱਚ ਨਹੀਂ। ਪੰਜਾਬ ਸਟਾਈਲ ਕਬੱਡੀ ਵਿੱਚ ਖਿਡਾਰੀਆਂ ਨੂੰ ਬਰਾਬਰ ਟੋਲੀਆਂ ਵਿਚ ਵੰਡ ਲਿਆ ਜਾਂਦਾ ਹੈ। ਰੈਫ਼ਰੀ ਦੀ ਵਿਸਲ ਨਾਲ ਖੇਡ ਅਰੰਭ ਹੁੰਦੀ ਹੈ। ਇਕ ਖਿਡਾਰੀ ਦੂਜੇ ਪਾਸੇ ਕਬੱਡੀ-ਕਬੱਡੀ ਕਰਦਾ ਜਾਂਦਾ ਹੈ ਤੇ ਕਿਸੇ ਖਿਡਾਰੀ ਨੂੰ ਹੱਥ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਜੇ ਉਹ ਕਿਸੇ ਖਿਡਾਰੀ ਨੂੰ ਹੱਥ ਲਾ ਕੇ ਬਚ ਕੇ ਨਿਕਲ ਜਾਵੇ ਤਾਂ ਨੰਬਰ ਉਸਦਾ ਹੋ ਜਾਂਦਾ ਹੈ ਤੇ ਜੇ ਉਹ ਪਕੜਿਆ ਜਾਵੇ ਤਾਂ ਨੰਬਰ ਦੂਜੇ ਪਾਸੇ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਖੇਡ ਚਲਦੀ ਰਹਿੰਦੀ ਹੈ। ਅੰਤ ਵਿਚ ਜਿਸ ਟੀਮ ਦੇ ਨੰਬਰ ਜ਼ਿਆਦਾ ਹੋ ਜਾਣ ਉਹੀ ਟੀਮ ਜੇਤੂ ਕਰਾਰ ਦਿੱਤੀ ਜਾਂਦੀ ਹੈ।

 

ਸੌਂਚੀ ਪੱਕੀ—ਸੌਂਚੀ ਪੱਕੀ ਖੇਡ ਮਾਲਵੇ ਦੀ ਖੇਡ ਹੈ। ਇਸ ਖੇਡ ਵਿਚ ਖਿਡਾਰੀ ਦੂਜੇ ਪਾਸੇ ਜਾ ਕੇ ਖਿਡਾਰੀ ਦੇ ਧੱਫਾ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਨੂੰ ਪਿਛਾਂਹ ਨੂੰ ਧੱਕਦਾ ਹੈ। ਦੂਜੇ ਪਾਸੇ ਦਾ ਖਿਡਾਰੀ ਉਸ ਦੀ ਵੀਣੀ ਫੜਨ ਦੀ ਕੋਸ਼ਿਸ਼ ਕਰਦਾ ਹੈ। ਧੱਫਾ ਮਾਰਨ ਵਾਲਾ ਖਿਡਾਰੀ ਵੀਣੀ ਛੁਡਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਖੇਡੀ ਜਾਂਦੀ ਹੈ ਇਸ ਖੇਡ ਵਿਚੋਂ ਖਿਡਾਰੀਆਂ ਦੇ ਬਲ ਦੀ ਪਰਖ ਹੁੰਦੀ ਹੈ।

 

ਕੁਸ਼ਤੀ-ਕੁਸ਼ਤੀ ਪੰਜਾਬ ਦੀ ਇੱਕ ਬਹੁਤ ਹੀ ਪੁਰਾਣੀ ਖੇਡ ਹੈ। ਪਿਛਲੇ ਸਮਿਆਂ ਵਿਚ ਲੋਕਾਂ ਕੋਲ ਕਾਫ਼ੀ ਖੁੱਲ੍ਹਾ ਸਮਾਂ ਹੁੰਦਾ ਸੀ ਤੇ ਲੋਕਾਂ ਨੂੰ ਖਾਣ-ਪੀਣ ਅਤੇ ਸਰੀਰ ਕਮਾਉਣ ਦਾ ਸ਼ੌਕ ਸੀ। ਪਹਿਲਵਾਨ ਕਈ-ਕਈ ਸਾਲ ਇਸ ਦੀ ਤਿਆਰੀ ਕਰਦੇ ਸਨ ਤੇ ਉਸਤਾਦਾਂ ਕੋਲੋਂ ਦਾਅ-ਪੇਚ ਸਿੱਖਦੇ ਸਨ। ਜਿਸ ਦਿਨ ਕਿਤੇ ਕੁਸ਼ਤੀਆਂ ਹੁੰਦੀਆਂ ਸਨ ਬਕਾਇਦਾ ਤੌਰ ਤੇ ਅਖਾੜਾ ਤਿਆਰਾ ਕੀਤਾ ਜਾਂਦਾ ਸੀ। ਇਸ ਨੂੰ ਛਿੰਝ ਕਹਿੰਦੇ ਹਨ। ਇਹ ਇਕ ਮੇਲੇ ਦੇ ਰੂਪ ਵਿਚ ਹੁੰਦੀ ਹੈ। ਜਿਸ ਪਿੰਡ ਵਿੱਚ ਛਿੰਜ ਪੈਂਦੀ ਸੀ, ਉਸ ਪਿੰਡ ਵਿੱਚ ਲਗਭਗ ਦਸ ਬਾਰਾਂ ਦਿਨ ਰਾਤ ਨੂੰ ਢੋਲ ਵੱਜਦਾ ਸੀ ਤੇ ਲੋਕਾਂ ਨੂੰ ਛਿੰਝ ਦੀ ਖ਼ਬਰ ਦਿੱਤੀ ਜਾਂਦੀ ਸੀ। ਇਸ ਖੇਡ ਵਿਚ ਪਹਿਲਾਂ ਲਾਕੜੀ ਪਹਿਲਵਾਨਾਂ ਦੇ ਜੋੜ ਬਣਾਉਂਦਾ ਹੈ। ਪਹਿਲਵਾਨ ਜੋਸ਼ ਵਿੱਚ ਮੈਦਾਨ ਵਿਚ ਉਤਰਦੇ ਹਨ। ਕੁਸ਼ਤੀ ਸ਼ੁਰੂ ਹੁੰਦੀ ਹੈ। ਇਸ ਖੇਡ ਵਿੱਚ ਇਕ ਪਹਿਲਵਾਨ ਨੇ ਦੂਜੇ ਪਹਿਲਵਾਨ ਦੀ ਪਿੱਠ ਭੋਇੰ ਤੇ ਲਾਉਣੀ ਹੁੰਦੀ ਹੈ। ਜਿਹੜਾ ਪਹਿਲਵਾਨ ਦੂਜੇ ਦੀ ਪਿੱਠ ਪਹਿਲਾਂ ਭੋਇੰ ਤੇ ਲਾ ਦਿੰਦਾ ਹੈ, ਉਸਨੂੰ ਜਿੱਤਿਆ ਸਵੀਕਾਰ ਕੀਤਾ ਜਾਂਦਾ ਹੈ। ਜਿੱਤਿਆ ਖਿਡਾਰੀ ਅਖਾੜੇ ਵਿੱਚ ਗੇੜਾ ਕੱਢਦਾ ਹੈ ਤੇ ਲੋਕ ਉਸ ਨੂੰ ਹੌਂਸਲੇ ਵਜੋਂ ਪੈਸੇ ਦਿੰਦੇ ਹਨ।

 

ਪੰਜਾਬੀ ਮੁਟਿਆਰਾਂ ਦੀਆਂ ਖੇਡਾਂਪੰਜਾਬੀ ਗੱਭਰੂਆਂ ਵਾਂਗ ਪੰਜਾਬੀ ਮੁਟਿਆਰਾਂ ਵੀ ਕਿਸੇ ਨਾਲੋਂ ਘੱਟ ਨਹੀਂ ਕਹਾਉਂਦੀਆਂ। ਪਿਛਲੇ ਸਮੇਂ ਵਿੱਚ ਵਿੱਦਿਆ ਦਾ ਇੰਨਾ ਪ੍ਚਾਰ ਨਹੀਂ ਸੀ; ਇਸ ਲਈ ਕੁੜੀਆਂ ਖੇਡਣ ਵਿਚ ਜ਼ਿਆਦਾ ਸਮਾਂ ਬਿਤਾਉਂਦੀਆਂ ਸਨ। ਪਿੰਡਾਂ ਵਿਚ ਰਾਤਾਂ ਨੂੰ ਬਾਰਾਂ-ਬਾਰਾਂ ਵਜੇ ਤੱਕ ਮੁੰਡੇ-ਕੁੜੀਆਂ ਰਲ ਕੇ ਖੇਡਦੇ ਸਨ। ਕੁੜੀਆਂ ਦੀਆਂ ਖੇਡਾਂ ਕਿੱਕਲੀ, ਥਾਲ, ਪੀਂਘਾਂ, ਗਿੱਧੇ ਜ਼ਿਆਦਾ ਪ੍ਰਚਲਤ ਸਨ। ਅੱਜ-ਕੱਲ੍ਹ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹਨ। ਉਹ ਬਕਾਇਤਾ ਅੰਤਰ-ਰਾਸ਼ਟਰੀ ਪੱਧਰ ਤੱਕ ਖੇਡਾਂ ਵਿੱਚ ਹਿੱਸਾ ਲੈਂਦੀਆਂ ਹਨ।

 

ਸਾਰਾਂਸ਼—ਮੁੱਕਦੀ ਗੱਲ ਖੇਡਾਂ ਦੇ ਖੇਤਰ ਵਿਚ ਪੰਜਾਬੀ ਹਰ ਪਾਸਿਓਂ ਅੱਗੇ ਹਨ। ਸਫ਼ਲਤਾ ਪੰਜਾਬੀਆਂ ਦੇ ਅੰਗ-ਸੰਗ ਨੱਚਦੀ ਫਿਰਦੀ ਹੈ। ਪੰਜਾਬੀ ਰਿਸ਼ਟ-ਪੁਸ਼ਟ ਵੀ ਇਹਨਾਂ ਖੇਡਾਂ ਦੇ ਆਸਰੇ ਹੀ ਰਹਿੰਦੇ ਹਨ। ਪੰਜਾਬੀਆਂ ਨੂੰ ਏਕਤਾ, ਕੁਰਬਾਨੀ ਤੇ ਉੱਨਤੀ ਆਦਿ ਗੁਣ ਖੇਡਾਂ ਤੋਂ ਹੀ ਮਿਲਦੇਹਨ।

Leave a Reply