Punjabi Essay, Paragraph on “ਮੇਰਾ ਸੱਚਾ ਮਿੱਤਰ” “My Best Friend” Best Punjabi Lekh-Nibandh for Class 6, 7, 8, 9, 10 Students.

ਮੇਰਾ ਸੱਚਾ ਮਿੱਤਰ

My Best Friend

ਭੂਮਿਕਾ— ਸੁਭਾਅ ਵੱਲੋਂ ਮਨੁੱਖ ਨੂੰ ਸਵਾਰਥੀ ਆਖਿਆ ਜਾਂਦਾ ਹੈ। ਇਸ ਕਰਕੇ ਨਿਰ- ਸਵਾਰਥ ਮਿੱਤਰ ਘੱਟ ਹੀ ਮਿਲਦੇ ਹਨ। ਆਮ ਤੌਰ ਤੇ ਮਿੱਤਰਤਾ ਇਕ ਧੋਖਾ ਹੈ।ਜਦੋਂ ਅਸੀਂ ਧਨਵਾਣ ਹੋਈਏ, ਸਾਡੇ ਹੱਥ ਵਿਚ ਸ਼ਕਤੀ ਹੋਵੇ ਜਾਂ ਅਸੀਂ ਕਿਸੇ ਪਦਵੀ ਤੇ ਬਿਰਾਜਮਾਨ ਹੋਈਏ ਤਾਂ ਸਾਡੇ ਮਿੱਤਰ ਅਤੇ ਰਿਸਤੇਦਾਰ ਸਭ ਨੇੜੇ ਆ ਢੁੱਕਦੇ ਹਨ, ਪ੍ਰੰਤੂ ਗ਼ਰੀਬੀ ਦੇ ਦੌਰ ਵਿਚ ਜਾਂ ਕਿਸੇ ਮੁਸੀਬਤ ਸਮੇਂ । ਸਭ ਨਾਲ ਮੌਸਮੀ ਮਿੱਤਰ ਅੱਖਾਂ ਫੇਰ ਲੈਂਦੇ ਹਨ।ਇਸ ਦਾ ਭਾਵ ਇਹ ਹੋਇਆ ਕਿ ਉਹਨਾਂ ਨੂੰ ਸਾਡੇ ਨਾਲ ਹੋਈ ਹਿੱਤ ਨਹੀਂ ਸੀ, ਪਰੰਤੂ ਉਹ ਸਾਡੀ ਪਦਵੀ, ਧਨ ਦੌਲਤ ਅਤੇ ਸ਼ਕਤੀ ਕਾਰਨ ਹੀ ਸਾਡੇ ਵਲ ਆਕਰਸ਼ਿਤ ਸਨ। ਅਜਿਹੇ ਮਿੱਤਰਾਂ ਤੋਂ ਹਰ ਹਾਲਤ ਸਾਵਧਾਨ ਰਹਿਣਾ ਚਾਹੀਦਾ ਹੈ। ਡਬਲਿਊ ਥਾਂਪਸਨ ਨੇ ਵੀ ਇਹੋ ਕਿਹਾ ਹੈ,‘ਇਕ ਦੁਸ਼ਮਣ ਤੋਂ ਮੈਂ ਆਪਣਾ ਬਚਾ ਆਪ ਕਰ ਸਕਦਾ ਹਾਂ। ਪਰ ਹੇ ਰੱਬਾ ਇਕ ਗ਼ਲਤ ਦੋਸਤ ਤੋਂ ਮੇਰੀ ਰੱਖਿਆ ਤੂੰ ਕਰੀਂ।’ ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਵਾਰਥੀ ਅਤੇ ਨਿਰਸਵਾਰਥ ਮਿੱਤਰਾਂ ਦੀ ਪਛਾਣ ਕਰਨੀ ਵੀ ਔਖੀ ਹੋ ਜਾਂਦੀ ਹੈ।ਫਿਰ ਵੀ ਜਿਗਰੀ ਅਤੇ ਸੱਚੇ ਦੋਸਤਾਂ ਦੀ ਅਣਹੋਂਦ ਨਹੀਂ ਹੈ, ਚਾਹੇ ਉਹ ਵਿਰਲੇ ਹੀ ਹਨ।

 

ਸੱਚੇ ਮਿਤਰ ਦੀ ਪਰਖ— ਇਕ ਸੱਚਾ ਮਿੱਤਰ ਦੁੱਖ-ਸੁੱਖ ਵਿਚ ਸਾਡਾ ਸਾਥ ਦਿੰਦਾ ਹੈ। ਹਰ ਹਾਲਤ ਵਿਚ ਸਾਡੀ ਭਲਾਈ ਦੇ ਯਤਨ ਕਰਦਾ ਰਹੇਗਾ। ਇਕ ਸੱਚਾ ਮਿੱਤਰ ਪ੍ਰਮਾਤਮਾ ਵੱਲੋਂ ਇਕ ਵਰਦਾਨ ਦੀ ਤਰ੍ਹਾਂ ਹੁੰਦਾ ਹੈ। ਉਹ ਸਾਡੀਆਂ ਲੋੜਾਂ ਦਾ ਹੁੰਗਾਰਾ ਹੁੰਦਾ ਹੈ। ਉਹ ਸਾਡੇ ਗਮਾਂ ਨੂੰ ਘੱਟ ਕਰਦਾ ਹੈ ਅਤੇ ਸਾਡੀਆਂ ਖੁਸ਼ੀਆਂ ਵਿਚ ਵਾਧਾ ਕਰਦਾ ਹੈ। ਗ਼ਰੀਬੀ ਮਿੱਤਰਤਾ ਦੀ ਪਰਖ ਦੀ ਇਕ ਬਹੁਤ ਵੱਡੀ ਕਸਵੱਟੀ ਹੈ।ਜਿਵੇਂ ਸੋਨਾ ਕੁਠਾਲੀ ਵਿਚ ਪਾ ਕੇ ਅੱਗ ਤੇ ਪਰਖਿਆ ਜਾਂਦਾ ਹੈ, ਇਵੇਂ ਹੀ ਗ਼ਰੀਬੀ ਤੇ ਦੁੱਖਾਂ ਦੇ ਦਿਨਾਂ ਵਿਚ ਮਿੱਤਰ ਦੀ ਪਰਖ ਹੋ ਜਾਂਦੀ ਹੈ। ਪ੍ਰਸਿੱਧ ਕਹਾਵਤ ਹੈ “ਖੁਸ਼ਹਾਲੀ ਮਿੱਤਰ ਬਣਾਉਂਦੀ ਹੈ ਅਤੇ ਮੁਸੀਬਤ ਉਹਨਾਂ ਦੀ ਪਰਖ ਕਰਦੀ ਹੈ। ਸਾਡੀ ਮੁਸੀਬਤ ਦੇ ਦਿਨਾਂ ਵਿਚ ਇਕ ਸੱਚਾ ਮਿੱਤਰ ਸਾਨੂੰ ਨੇਕ ਸਲਾਹ ਦੇਵੇਗਾ ਤੇ ਮੁਸੀਬਤ ਵਿਚੋਂ ਕੱਢਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਤੋਂ ਨਹੀਂ ਝਿਜਕੇਗਾ।

 

ਸੱਚਾ ਮਿੱਤਰ ਮਿਲਣਾ ਔਖਾ— ਖਾਣ-ਪੀਣ ਵਾਲੇ ਮਿਤਰ ਤਾਂ ਅਨੇਕਾਂ ਬਣ ਜਾਂਦੇ ਹਨ ਪਰ ਸੱਚਾ ਮਿੱਤਰ ਮਿਲਣਾ ਬਹੁਤ ਔਖਾ ਹੈ । ਸੱਚਾ ਮਿੱਤਰ ਆਪਣੇ ਮਿੱਤਰ ਦੇ ਦੁੱਖ-ਸੁੱਖ, ਖੁਸ਼ੀ- ਗ਼ਮੀ ਅਤੇ ਹੋਰ ਹਰੇਕ ਔਕੜ ਵਿਚ ਸਹਾਈ ਹੁੰਦਾ ਹੈ। ਇਸੇ ਲਈ ਇਹ ਅਖਾਣ ਬਣ ਗਿਆ ਹੈ ਕਿ,“ ਮਿੱਤਰ ਉਹ ਜੋ ਮੁਸੀਬਤ ਵੇਲੇ ਕੰਮ ਆਏ।”

 

ਅਮਰਜੀਤ ਮੇਰਾ ਸੱਚਾ ਮਿੱਤਰ— ਮੇਰੇ ਮਿਤਰ ਤਾਂ ਬਹੁਤ ਸਾਰੇ ਹਨ ਪਰ ਅਮਰਜੀਤ ਮੇਰਾ ਸੱਚਾ ਮਿੱਤਰ ਹੈ। ਉਹ ਮੇਰੇ ਹਰ ਦੁੱਖ-ਸੁੱਖ ਅਤੇ ਮੁਸ਼ਕਲ ਵੇਲੇ ਮੇਰੀ ਸਹਾਇਤਾ ਕਰਦਾ ਹੈ। ਇਹ ਮੇਰੀ ਉਮਰ ਦਾ ਹੀ ਹੈ। ਉਹ ਮੇਰਾ ਗੁਆਂਢੀ ਵੀ ਹੈ।ਉਸ ਦੇ ਮਾਤਾ-ਪਿਤਾ ਬੜੇ ਭਗਤ ਅਤੇ ਨੇਕ ਦਿਲ ਵਿਅਕਤੀ ਹਨ। ਉਹ ਗ਼ਰੀਬਾਂ ਦੀ ਬਹੁਤ ਸਹਾਇਤਾ ਕਰਦੇ ਹਨ।

 

ਸਹਿਪਾਠੀ- ਅਮਰਜੀਤ ਮੇਰਾ ਸਹਿਪਾਠੀ ਹੈ।ਅਸੀਂ ਦੋਵੇਂ ਇਕ ਹੀ ਡੈਕਸ ਉੱਤੇ ਬੈਠਦੇ ਹਾਂ। ਇਹ ਬਹੁਤ ਮਿਹਨਤੀ ਅਤੇ ਸਮਝਦਾਰ ਹੈ। ਉਹ ਸਦਾ ਹੰਸੂ-ਹੰਸੂ ਕਰਦਾ ਹੈ।ਅਸੀਂ ਦੋਵੇਂ ਇਕੱਠੇ ਹੀ ਸਕੂਲ ਜਾਂਦੇ ਹਾਂ। ਸ਼੍ਰੇਣੀ ਵਿਚ ਵੀ ਅਸੀਂ ਦੋਵੇਂ ਇਕ ਹੀ ਬੈਂਚ ਉੱਤੇ ਬੈਠਦੇ ਹਾਂ। ਸਵੇਰ ਵੇਲੇ ਅਸੀਂ ਬਾਹਰ ਸੈਰ ਕਰਨ ਵੀ ਇੱਕਠੇ ਹੀ ਜਾਂਦੇ ਹਾਂ।

 

ਮਾਪਿਆਂ ਦੀਆਂ ਅੱਖਾਂ ਦਾ ਤਾਰਾ— ਮੇਰਾ ਸੱਚਾ ਮਿਤਰ ਅਮਰਜੀਤ ਆਪਣੇ ਮਾਪਿਆਂ ਦੀਆਂ ਅੱਖਾਂ ਦਾ ਤਾਰਾ ਹੈ। ਉਸਦਾ ਆਪਣੀ ਮਾਂ ਨਾਲ ਚੰਣ ਚਕੋਰ ਵਾਲਾ ਪਿਆਰ ਹੈ। ਉਹ ਘਰ ਵਿਚ ਇਸ ਨੂੰ ਲਾਡ ਨਾਲ ‘ਪੱਪੂ’ ਆਖਦੇ ਹਨ। ਇਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਇਸੇ ਕਰਕੇ ਇਹ ਸਭ ਦਾ ਪਿਆਰਾ ਹੈ।

 

ਪੜ੍ਹਾਈ ਵਿਚ ਹੋਣਹਾਰ— ਮੇਰਾ ਸੱਚਾ ਮਿੱਤਰ ਪੜ੍ਹਾਈ ਵਿਚ ਬਹੁਤ ਹੋਣਹਾਰ ਹੈ।ਉਸ ਨੂੰ ਖੇਡਾਂ ਦਾ ਵੀ ਬਹੁਤ ਸ਼ੌਕ ਹੈ। ਖੇਡਾਂ ਦੇ ਨਾਲ-ਨਾਲ ਉਹ ਪੜ੍ਹਾਈ ਵਿਚ ਵੀ ਬਹੁਤ ਹੁਸ਼ਿਆਰ ਹੈ। ਉਹ ਪ੍ਰੀਖਿਆ ਵਿਚ ਸ਼੍ਰੇਣੀ ਵਿਚੋਂ ਪਹਿਲੇ ਨੰਬਰ ਤੇ ਆਉਂਦਾ ਹੈ। ਸਾਰੇ ਅਧਿਆਪਕ ਉਸ ਨੂੰ ਬਹੁਤ ਪਿਆਰ ਕਰਦੇ ਹਨ। ਇਹ ਸਕੂਲ ਦਾ ਨਾਂ ਰੋਸ਼ਨ ਕਰੇਗਾ।

 

ਖੇਡਾਂ ਵਿਚ ਮੋਹਰੀ– ਮੇਰੇ ਸੱਚੇ ਮਿੱਤਰ ਅਮਰਜੀਤ ਨੂੰ ਖੇਡਾਂ ਦਾ ਵੀ ਬਹੁਤ ਸ਼ੌਕ ਹੈ। ਇਹ ਕ੍ਰਿਕਟ ਦਾ ਕਪਤਾਨ ਹੈ ਅਤੇ ਹੋਰ ਖੇਡਾਂ ਵਿਚ ਮੋਹਰੀ ਹੈ।

 

ਗਾਇਕ ਤੇ ਬੁਲਾਰਾ— ਮੇਰਾ ਸੱਚਾ ਮਿਤਰ ਇਕ ਚੰਗਾ ਗਾਇਕ ਅਤੇ ਬੁਲਾਰਾ ਵੀ ਹੈ। ਉਹ ਹਰ ਸ਼ਨਿਵਾਰ ਨੂੰ ਸਕੂਲ ਦੀ ਕਲੱਬ ਮੀਟਿੰਗ ਵਿਚ ਭਾਗ ਲੈਂਦਾ ਹੈ। ਉਹ ਸਕੂਲ ਦੇ ਸੰਗੀਤਮੁਕਾਬਲਿਆਂ ਵਿਚ ਪਹਿਲੇ ਦਰਜੇ ਤੇ ਆਉਂਦਾ ਹੈ। ਇਸ ਲਈ ਉਹ ਸਕੂਲ ਵਿਚ ਹੋਣ ਵਾਲੇ ਸਾਰੇ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ।

 

ਮਿੱਤਰ ਦੀ ਵਫਾਦਾਰੀ ਉੱਪਰ ਮਾਣ- ਮੈਨੂੰ ਆਪਣੇ ਸੱਚੇ ਮਿੱਤਰ ਦੀ ਵਫ਼ਾਦਾਰੀ ਉੱਤੇ ਮਾਣ ਹੈ।ਅਜਿਹੇ ਸੱਚੇ ਮਿੱਤਰ ਲਭਿਆਂ ਵੀ ਨਹੀਂ ਮਿਲਦੇ।ਬਾਬਾ ਫਰੀਦ ਜੀ ਅਜਿਹੇ ਮਿੱਤਰ ਬਾਰੇ ਇੰਝ ਆਖਦੇ ਹਨ—

‘ਫ਼ਰੀਦਾ ਗਲੀਂ ਸੁ ਸੱਦਣ ਵੀਹ ਇਕ ਢੰਢੇਰੀ ਨ ਲਹਾਂ

ਧੁਖਾਂ ਜਿਉ ਅਲੀਹ ਕਾਰਣ ਤਿਨਾਂ ਮਾਂ ਪਿਰੀ।‘

 

ਸਾਰਾਂਸ਼— ਮੈਨੂੰ ਆਪਣੇ ਸੱਚੇ ਮਿੱਤਰ ਅਮਰਜੀਤ ਉੱਤੇ ਬਹੁਤ ਮਾਣ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਸ ਦੀ ਉਮਰ ਲੰਮੀ ਕਰੇ ਅਤੇ ਉਹ ਦਿਨ ਦੂਣੀ ਅਤੇ ਰਾਤ ਚੌਗੁਣੀ ਉੱਨਤੀ ਕਰਦਾ ਰਹੇ।

Leave a Reply