Punjabi Essay, Paragraph on “ਰੰਗਾਂ ਦਾ ਤਿਉਹਾਰ-ਹੋਲੀ” “Ranga da Tyohar Holi” Best Punjabi Lekh-Nibandh for Class 6, 7, 8, 9, 10 Students.

ਰੰਗਾਂ ਦਾ ਤਿਉਹਾਰ-ਹੋਲੀ

Ranga da Tyohar Holi

ਭੂਮਿਕਾ— ਪ੍ਰਕਿਰਤੀ ਸਦਾ ਇਕ ਹੀ ਰੰਗ ਵਿਚ ਨਹੀਂ ਰਹਿੰਦੀ। ਅਨੇਕ ਰੁੱਤਾਂ ਉਸ ਨੂੰ ਅਨੇਕ ਰੰਗਾਂ ਵਿਚ ਰੰਗ ਦਿੰਦੀਆਂ ਹਨ। ਇਸੇ ਤਰ੍ਹਾਂ ਮਨੁੱਖੀ ਜੀਵਨ ਵਿਚ ਵਿਚਾਰ ਅਤੇ ਭਾਵਨਾਵਾਂਦਾ ਰੂਪ ਵੀ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਸਗੋਂ ਸਮੇਂ ਦੇ ਅਨੁਸਾਰ ਬਦਲ ਜਾਂਦਾ ਹੈ। ਮਨੁੱਖ ਨੇ ਆਪਣੇ ਤਿਉਹਾਰਾਂ ਨੂੰ ਵੀ ਇਸੇ ਪਿਛੋਕੜ ਵਿਚ ਰੱਖਿਆ ਅਤੇ ਉਨ੍ਹਾਂ ਨੂੰ ਮਨਾਇਆ ਹੈ। ਸਾਡੇ ਦੇਸ ਵਿਚ ਕਦੀ ਬਸੰਤੀ ਰੰਗ ਰੰਗੀ ਬਸੰਤ ਪੰਚਮੀ ਆਉਂਦੀ ਹੈ ਤਾਂ ਕਦੀ ਰੋਸ਼ਨੀ ਦਾ ਉਤਸਵ ਲੈ ਕ ਦੀਵਾਲੀ।ਕਦੀ ਸੁਤੰਤਰਤਾ ਦਾ ਪੁਰਬ ਤਿਰੰਗੇ ਨੂੰ ਲਹਿਰਾਉਂਦਾ ਹੈ ਤਾਂ ਕਦੀ ਗਣਤੰਤਰ ਦਿਵਸ ਦੀ ਸ਼ੋਭਾ ਮਨ ਨੂੰ ਮੋਹ ਲੈਂਦੀ ਹੈ।ਰੰਗਾਂ ਦਾ ਤਿਉਹਾਰ ਉੱਲਾਸ ਅਤੇ ਉਮੰਗ ਦਾ ਤਿਓਹਾਰ, ਸੰਗੀਤ ਅਤੇਨਾਚ ਦਾ ਤਿਓਹਾਰ ਹੋਲੀ ਆਪਣੀ ਹੀ ਵਿਸ਼ੇਸ਼ਤਾ ਰਖਦਾ ਹੈ ਜਿਸ ਦੇ ਆਗਮਨ ਨਾਲ ਮਨ ਵਿਚ ਵੀ ਗੁਲਾਲ ਖਿਲਰ ਜਾਂਦਾ ਹੈ।

ਪਿਛੋਕੜ— ਹੋਲੀ ਦਾ ਅਰੰਭ ਕਦੋਂ ਹੋਇਆ ਇਸ ਬਾਰੇ ਨਿਸਚਿਤ ਰੂਪ ਨਾਲ ਕੁੱਝ ਨਹੀਂ ਆਖਿਆ ਜਾ ਸਕਦਾ ਹੈ, ਪਰ ਇਸ ਦੇ ਨਾਲ ਤਿੰਨ ਕਥਾਵਾਂ ਦਾ ਸੰਬੰਧ ਹੈ।ਪਹਿਲੀ ਕਥਾ ਬਹੁਤ ਪ੍ਰਸਿੱਧ ਹੈ। ਨਾਸਤਿਕ ਹਰਨਾਕਿਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਸਾੜ ਦੇਣ ਦੀ ਸੋਚੀ। ਉਸ ਦੀ ਭੈਣ ਹੋਲਿਕਾ ਜਾਦੂ ਦਾ ਕੜਾ ਹੱਥ ਵਿਚ ਪਾ ਕੇ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਅੱਗ ਵਿਚ ਬੈਠ ਗਈ। ਪ੍ਰਹਿਲਾਦ ਅੱਗ ਦੇ ਲਾਂਬੂਆਂ ਵਿਚੋਂ ਸਹੀ ਸਲਾਮਤ ਬਚ ਨਿਕਲਿਆ ਪਰ ਭੂਆ ਹੋਲਾਂ ਵਾਂਗ ਭੱਜ ਕੇ ਸੜ ਗਈ।ਇਸ ਲਈ ਇਸ ਤਿਉਹਾਰ ਨੂੰ ਹੋਲੀ ਆਖਦੇ ਹਨ।

ਦੂਜੀ ਕਥਾ-ਮਦਨ-ਕੁਸਮ ਦੀ ਹੈ।ਸਤੀ ਦੀ ਮੌਤ ਪਿੱਛੋਂ ਸ਼ੰਕਰ ਨੇ ਅਖੰਡ ਸਮਾਧੀ ਲਾ ਲਈ। ਉਸਦੀ ਸਮਾਧੀ ਨੂੰ ਭੰਗ ਕਰਨ ਲਈ ਇੰਦਰ ਨੇ ਕਾਮਦੇਵ ਨੂੰ ਭੇਜਿਆ। ਉਹ ਸ਼ੰਕਰ ਦੀ ਸਮਾਧੀ ਨੂੰ ਤੋੜ ਤਾਂ ਨਾ ਸਕਿਆ ਪਰ ਆਪ ਸ਼ੰਕਰ ਦੀ ਕ੍ਰੋਧ-ਅਗਨੀ ਵਿਚ ਸੜ ਕੇ ਭਸਮ ਹੋ ਗਿਆ।

ਤੀਜੀ ਕਥਾ— “ਪੂਤਨਾ-ਮਾਰਨ ਦੀ ਹੈ।ਕੰਸ ਦੀ ਪ੍ਰੇਰਨਾ ਨਾਲ ਜਿਵੇਂ ਹੀ ਪੂਤਨਾ ਨੇ ਬਾਲਕ ਕ੍ਰਿਸ਼ਨ ਦੇ ਮੂੰਹ ਵਿਚ ਆਪਣਾ ਜ਼ਹਿਰੀਲਾ ਥਣ ਦਿੱਤਾ, ਉਵੇਂ ਹੀ ਕ੍ਰਿਸ਼ਨ ਜੀ ਨੇ ਦੁੱਧ ਪੀਂਦੇ ਹੋਏ ਥਣ ਨੂੰ ਇੰਝ ਖਿੱਚਿਆ ਕਿ ਪੂਤਨਾ ਮਰ ਗਈ। ਇਸ ਲਈ ਹੋਲੀ ਦਾ ਨਾਮ ਕਰਨ ‘ਹੋਲਿਕਾ’ ਭੁੰਨਿਆ ਹੋਇਆ ਅੰਨ, ‘ਹੋਲਾ’ ਉਸਨੂੰ ਖਾ ਕੇ ਜੋ ਤਿਉਹਾਰ ਮਨਾਇਆ ਜਾਵੇ ਉਸਨੂੰ ਹੋਲੀ ਦਾ ਉਤਸਵ ਆਖਦੇ ਹਨ।

ਮਨਾਉਣ ਦਾ ਢੰਗ— ਹੋਲੀ ਮਨਾਉਣ ਦਾ ਢੰਗ ਸਾਰੇ ਭਾਰਤ ਵਿਚ ਲਗਪਗ ਇਕੋ- ਜਿਹਾ ਹੁੰਦਾ ਹੈ। ਇਸ ਤਿਉਹਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਲੋਕ ਸਵੇਰ ਵੇਲੇ ਹੀ ਆਪਣੇ ਆਪਣੇ ਮਿੱਤਰਾਂ ਦੇ ਨਾਲ ਟੋਲੀਆਂ ਬਣਾ ਕੇ, ਸੁੱਕਾ ਅਤੇ ਘੁਲਿਆ ਹੋਇਆ ਰੰਗ ਲੈ ਕੇ ਇੱਧਰ-ਉੱਧਰ ਗਲੀਆਂ-ਮੁਹੱਲਿਆਂ ਵਿਚ ਅਤੇ ਆਪਣੇ ਰਿਸ਼ਤੇਦਾਰਾਂ ਤੇ ਮਿੱਤਰਾਂ ਦੇ ਘਰ ਤੁਰ ਪੈਂਦੇ ਹਨ। ਉਹ ਉਹਨਾਂ ਤੇ ਰੰਗ ਪਾਉਂਦੇ ਹਨ।ਬੱਚੇ ਪਿਚਕਾਰੀਆਂ ਵਿਚ, ਗੁਬਾਰਿਆਂ ਵਿਚ ਰੰਗ ਭਰ-ਭਰ ਕੇ ਲੋਕਾਂ ਤੇ ਮਾਰਦੇ ਹਨ।ਇਸ ਤਰ੍ਹਾਂ ਚੌਂਹੀ ਪਾਸੀਂ ਰੰਗ ਹੀ ਰੰਗ ਉੱਡਦਾ ਖਿਲਰਦਾ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ‘ਹੋਲੀ ਹੈ’ ‘ਹੋਲੀ ਹੈ’ ਦੀਆਂ ਅਵਾਜ਼ਾਂ ਹੀ ਚੌਹੀਂ ਪਾਸੀਂ ਸੁਣਾਈ ਪੈਂਦੀਆਂ ਹਨ।ਘਰ ਵਿਚ ਆਉਣ ਵਾਲਿਆਂ ਨੂੰ ਲੋਕ ਮਿਠਾਈ ਖੁਆ ਕੇ ਅਤੇ ਰੰਗ ਲਾ ਕੇ ਸੁਆਗਤ ਕਰਦੇ ਹਨ।

ਬ੍ਰਿਜ ਅਤੇ ਮਥਰਾ ਦੀ ਹੋਲੀ– ਬ੍ਰਿਜ ਅਤੇ ਮਥੁਰਾ ਦੀ ਹੋਲੀ ਦਾ ਰੂਪ ਹੀ ਵੱਖਰਾ ਹੁੰਦਾ ਹੈ। ਗਾਉਂਦੀਆਂ, ਵਜਾਉਂਦੀਆਂ, ਨੱਚਦੀਆਂ ਟੋਲੀਆਂ ਚੌਹੀਂ ਪਾਸੀਂ ਦਿਖਾਈ ਦਿੰਦੀਆਂ ਹਨ। ਸਾਰਾ ਦਿਨ ਹੋਲੀ ਖੇਡਣ ਦੇ ਪਿੱਛੋਂ ਸੰਝ ਵੇਲੇ ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹਰੇਕ ਗਲੀ ਅਤੇ ਬਜ਼ਾਰ ਵਿਚ ਲੱਕੜਾਂ ਦੇ ਢੇਰਾਂ ਨੂੰ ਅੱਗ ਲਾਈ ਜਾਂਦੀ ਹੈ ਅਤੇ ਅੱਗ ਦੀਆਂ ਲਾਟਾਂ ਨੂੰ ਦੇਖ ਕੇ ਲੋਕ ਭਗਤਪ੍ਰਹਿਲਾਦ ਨੂੰ ਯਾਦ ਕਰਕੇ ਪਰਮਾਤਮਾ ਦਾ ਗੁਣਗਾਣ ਕਰਦੇ ਹਨ। ਹੋਲਿਕਾ ਸਾੜਨ ਤੋਂ ਪਿੱਛੋਂ ਲੋਕ ਹਾਸਿਆਂ ਅਤੇ ਖੁਸ਼ੀਆਂ ਦੇ ਵਿਚ ਇਕ ਦੂਜੇ ਤੇ ਗੁਲਾਲ ਸੁੱਟਦੇ ਹਨ ਅਤੇ ਪੁਰਾਣੇ ਵੈਰ-ਵਿਰੋਧ ਨੂੰ ਭੁਲਾ ਕੇ ਗਲੇ ਮਿਲਦੇ ਹਨ।ਵੱਡੇ-ਵੱਡੇ ਸ਼ਹਿਰਾਂ ਵਿਚ ਹੁਣ ਇਸ ਦਿਨ ਸੰਗੀਤ ਸਮਾਰੋਹਾਂ ਦਾ ਪ੍ਰਬੰਧ ਹੋਣ ਲੱਗਾ ਹੈ। ਲੋਕ ਗੁਲਾਲ ਦੇ ਨਾਲ-ਨਾਲ ਸੰਗੀਤ ਦੀਆਂ ਸੁਰਾਂ ਦਾ ਵੀ ਅਨੰਦ ਮਾਣਦੇ ਹਨ। ਅਨੇਕਾਂ ਥਾਵਾਂ ਤੇ ਹਾਸ-ਰਸ ਦੇ ਕਵੀ ਸੰਮੇਲਨ ਦਾ ਪ੍ਰਬੰਧ ਹੁੰਦਾ ਹੈ।ਬਿੰਦਾਵਨ ਵਿਚ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ‘ਦੁਲੈਡੀ’ ਮਨਾਈ ਜਾਂਦੀ ਹੈ।

ਸਾਰਾਂਸ਼— ਆਧੁਨਿਕ ਯੁੱਗ ਵਿਚ ਇਸ ਤਿਉਹਾਰ ਨਾਲ ਹੁਣ ਅਨੇਕਾਂ ਬੁਰਾਈਆਂ ਵੀ ਜੁੜਨ ਲੱਗੀਆਂ ਹਨ।ਲੋਕ ਖੁਸ਼ੀ ਮਨਾਉਣ ਦੇ ਬਹਾਨੇ ਸ਼ਰਾਬ ਪੀਂਦੇ ਹਨ ਅਤੇ ਹੋਰ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ। ਨਸ਼ੇ ਵਿਚ ਝੂਮ ਕੇ ਉਹ ਲੋਕਾਂ ਨਾਲ ਝਗੜਦੇ ਹਨ ਅਤੇ ਜਿਹਨਾਂ ਨਾਲ ਉਹਨਾਂ ਦੀ ਦੁਸ਼ਮਣੀ ਹੁੰਦੀ ਹੈ, ਉਹਨਾਂ ਤੋਂ ਬਦਲਾ ਲੈਣ ਲਈ ਝਗੜਾ ਕਰਦੇ ਹਨ। ਇਸ ਦੇ ਇਲਾਵਾ ਕੁਝ ਲੋਕ ਰੰਗ ਪਾ ਕੇ ਪਾਣੀ ਵੀ ਪਾਉਂਦੇ ਹਨ।ਕੁਝ ਲੋਕ ਚਿੱਕੜ ਨਾਲ ਦੂਜਿਆਂ ਦੇ ਕੱਪੜੇ ਖ਼ਰਾਬ ਕਰਦੇ ਹਨ। ਇਸ ਨਾਲ ਕਦੀ-ਕਦੀ ਲੋਕਾਂ ਦਾ ਆਪਸ ਵਿਚ ਬਹੁਤ ਝਗੜਾ ਵੀ ਹੁੰਦਾ ਹੈ ਅਤੇ ਤਿਉਹਾਰ ਦਾ ਅਨੰਦ ਦੁੱਖ ਅਤੇ ਲੜਾਈ-ਝਗੜੇ ਵਿਚ ਬਦਲ ਜਾਂਦਾ ਹੈ। ਸਾਨੂੰ ਇਹਨਾਂ ਬੁਰਾਈਆਂ ਤੋਂ ਦੂਰ ਹੋ ਕੇ ਤਿਉਹਾਰ ਮਨਾਉਣਾ ਚਾਹੀਦਾ ਹੈ।

Leave a Reply