Punjabi Essay, Paragraph on “ਲੋਹੜੀ ਦਾ ਤਿਓਹਾਰ” “Lohri Da Tyohar” Best Punjabi Lekh-Nibandh for Class 6, 7, 8, 9, 10 Students.

ਲੋਹੜੀ ਦਾ ਤਿਓਹਾਰ

Lohri Da Tyohar

ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ ? ਹੋ !

ਦੁੱਲਾ ਭੱਟੀ ਵਾਲਾ, ਹੋ !

ਦੁੱਲੇ ਦੀ ਧੀ ਵਿਆਹੀ, ਹੋ !

ਸੇਰ ਸ਼ੱਕਰ ਪਾਈ, ਹੋ !

ਜੀਵੇ ਕੁੜੀ ਦਾ ਚਾਚਾ, ਹੋ !

ਲੰਬੜਦਾਰ ਸਦਾਏ, ਹੋ !

ਗਿਣ ਗਿਣ ਪੌਲੇ ਲਾਏ, ਹੋ !

ਇਕ ਪੌਲਾ ਰਹਿ ਗਿਆ, ਸਿਪਾਹੀ ਫੜ ਕੇ ਲੈ ਗਿਆ।

ਭੂਮਿਕਾ— ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਓਹਾਰ ਨਾਲ ਭਰਪੂਰ ਹੈ।ਸਾਲ ਵਿਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ ਜਦੋਂ ਕੋਈ ਨਾ ਕੋਈ ਤਿਓਹਾਰ ਨਾ ਮਨਾਇਆ ਜਾਂਦਾ ਹੋਵੇ।ਇੰਦਰ ਧਨੁਸ਼ ਦੇ ਸੱਤ ਰੰਗਾਂ ਵਾਂਗ ਪੰਜਾਬੀ ਸੱਭਿਆਚਾਰ ਵੀ ਅਨੇਕ ਰੋਗੀ ਹੈ।ਇਕ ਬੰਨੇ ਧਨ- ਦੌਲਤ ਨਾਲ ਭਰਪੂਰ ਧਰਤੀ ਤੇ ਦੂਜੇ ਬੰਨੇ ਗੁਰੂਆਂ ਦੇ ਤਿਆਗ, ਆਦਰਸ਼ ਅਤੇ ਸਿਖਿਆਵਾਂ ਦੀਆਂ ਕਹਾਣੀਆਂ। ਇੱਕ ਬੰਨੇ ਨਦੀਆਂ ਦੀਆਂ ਪਵਿੱਤਰ ਧਾਰਾਵਾਂ ਤੇ ਦੂਜੇ ਬੰਨੇ ਲਹਿਰਾਉਂਦੀਆਂ ਫ਼ਸਲਾਂ ਦੇ ਲਹਿਰਾਉਂਦੇ ਖੇਤ। ਇਕ ਬੰਨੇ ਤਿਓਹਾਰਾਂ ਅਤੇ ਮੇਲਿਆਂ ਦੀ ਧੂਮ-ਧਾਮਤਾ, ਦੂਜੇ ਬੰਨੇ ਨਾਚ ਅਤੇ ਗੀਤਾਂ ਦੇ ਮਿੱਠੇ ਬੋਲ।ਲੋਹੜੀ ਪੰਜਾਬ ਦਾ ਇਕ ਵਿਸ਼ੇਸ਼ ਤਿਓਹਾਰ ਹੈ। ਭਾਵੇਂ ਇਹ ਸਾਰੇ ਦੇਸ ਵਿਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਪੰਜਾਬ ਵਿਚ ਇਸਦੀ ਆਪਣੀ ਹੀ ਸੁਰ ਅਤੇ ਆਪਣੇ ਹੀ ਰੰਗ ਹਨ।

ਪਿਛੋਕੜ- ਲੋਹੜੀ ਸ਼ਬਦ ਦਾ ਮੂਲ ‘ਤਿਲ + ਰੋੜੀ` ਹੈ।ਜੋ ਸਮਾਂ ਪਾ ਕੇ ‘ਤਿਲੜੀ’ ਤੇ ਫੇਰ ‘ਲੋਹੜੀ ਬਣਿਆ ਹੈ। ਕਈ ਥਾਵਾਂ ਤੇ ਲੋਹੜੀ ਨੂੰ ਲੋਹੀ ਜਾਂ ਲੋਈ ਵੀ ਆਖਿਆ ਜਾਂਦਾ ਹੈ।

ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ।ਵੈਦਿਕ ਕਾਲ ਵਿਚ ਹੀ ਰਿਸ਼ੀ ਲੋਕ ਦੇਵਤਿਆਂ ਨੂੰ ਖੁਸ਼ ਕਰਨ ਲਈ ਹਵਨ ਕਰਦੇ ਸਨ। ਇਸ ਧਾਰਮਿਕ ਕੰਮ ਵਿਚ ਪਰਿਵਾਰ ਦੇ ਬੰਦ ਹਵਨ ਵਿਚ ਘਿਓ, ਸ਼ਹਿਦ, ਤਿਲ ਅਤੇ ਗੂੜ੍ਹ ਆਦਿ ਪਾਉਂਦੇ ਹਨ।ਇਸ ਤਿਓਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਜੋੜੀਆਂ ਜਾਂਦੀਆਂ ਹਨ। ਇਸ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅੱਤਿਆਚਾਰੀ ਰਾਕਸ਼ ਨੂੰ ਮਾਰਿਆ ਅਤੇ ਉਸੇ ਦੇਵੀ ਦੀ ਯਾਦ ਵਿਚ ਇਹ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤਿਓਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ-ਦਹਿਨ’ ਨਾਲ ਵੀ ਜੋੜਿਆ ਜਾਂਦਾ ਹੈ।

ਇਸ ਤੋਂ ਬਿਨਾਂ ਇਸ ਤਿਓਹਾਰ ਨਾਲ ਇਕ ਹੋਰ ਲੋਕ-ਗਾਥਾ ਵੀ ਸੰਬੰਧਤ ਹੈ।ਇਕ ਗ਼ਰੀਬ ਬ੍ਰਾਹਮਣ ਸੀ। ਉਸ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਕੁੜੀਆਂ ਬਹੁਤ ਸੁੰਦਰ ਸਨ।ਉਨ੍ਹਾਂ ਦੀ ਕੁੜਮਾਈ ਲਾਗਲੇ ਪਿੰਡ ਵਿਚ ਪੱਕੀ ਹੋ ਗਈ। ਦੋਵੇਂ ਕੁੜੀਆਂ ਬਹੁਤ ਸੁੰਦਰ ਸਨ।ਉਸ ਇਲਾਕੇ ਦੇ ਹਾਕਮ ਨੂੰ ਜਦੋਂ ਉਨ੍ਹਾਂ ਦੀ ਸੁੰਦਰਤਾ ਦਾ ਪਤਾ ਲਗਾ ਤਾਂ ਉਸ ਨੇ ਉਨ੍ਹਾਂ ਨੂੰ ਪ੍ਰਾਪਤ ਕਰਨਾ ਚਾਹਿਆ। ਉਹ ਗ਼ਰੀਬ ਬ੍ਰਾਹਮਣ ਕੁੜੀ ਵਾਲਿਆਂ ਦੇ ਕੋਲ ਗਿਆ।ਉਸ ਨੇ ਮੁੰਡੇ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਵਿਆਹ ਤੋਂ ਪਹਿਲਾਂ ਹੀ ਉਸਦੀਆਂ ਕੁੜੀਆਂ ਨੂੰ ਆਪਣੇ ਘਰ ਲੈ ਆਉਣ, ਨਹੀਂ ਤਾਂ ਦੁਸ਼ਟ ਹਾਕਮ ਇਨ੍ਹਾਂ ਨੂੰ ਨਹੀਂ ਛੱਡੇਗਾ। ਮੁੰਡੇ ਵਾਲੇ ਵੀ ਹਾਕਮ ਤੋਂ ਡਰਦੇ ਸਨ। ਉਹਨਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ।ਨਿਰਾਸ਼ਾ ਵਿਚ ਡੁੱਬਿਆ ਬ੍ਰਾਹਮਣ ਜੰਗਲ ਵਿਚੋਂ ਲੰਘਦਾ ਹੋਇਆ ਘਰ ਵੱਲ ਪਰਤ ਰਿਹਾ ਸੀ।ਰਸਤੇ ਵਿਚ ਉਸਨੂੰ ਦੁੱਲਾ ਭੱਟੀ ਨਾਂ ਦਾ ਡਾਕੂ ਮਿਲਿਆ।ਦੁੱਲਾ ਡਾਕੂ ਹੁੰਦਾ ਹੋਇਆ ਵੀ ਦੀਨ-ਦੁੱਖੀਆਂ ਦਾ ਸਹਾਇਕ ਸੀ। ਜਦੋਂ ਬ੍ਰਾਹਮਣ ਨੇ ਆਪਣੀ ਦੁੱਖ-ਭਰੀ ਕਹਾਣੀ ਸੁਣਾਈ ਤਾਂ ਦੁੱਲੇ ਦਾ ਮਨ ਪੰਘਰ ਗਿਆ।ਉਸਨੇ ਬ੍ਰਾਹਮਣ ਨੂੰ ਹੌਂਸਲਾ ਦਿੱਤਾ ਅਤੇ ਸਹਾਇਤਾ ਦਾ ਵਚਨ ਦਿੰਦੇ ਹੋਏ ਕਿਹਾ,‘ਬ੍ਰਾਹਮਣ ਦੇਵਤਾ, ਤੁਸੀਂ ਨਿਸ਼ਚਿੰਤ ਰਹੇ। ਪਿੰਡ ਦੀ ਬੇਟੀ ਮੇਰੀ ਬੇਟੀ ਹੈ, ਉਨ੍ਹਾਂ ਦਾ ਵਿਆਹ ਮੈਂ ਕਰਾਂਗਾ। ਇਸ ਦੇ ਵਾਸਤੇ ਭਾਵੇਂ ਮੈਨੂੰ ਆਪਣੀ ਜਾਨ ਦੀ ਬਾਜ਼ੀ ਕਿਉਂ ਨਾ ਲਾਉਣੀ ਪਵੇ ।” ਦੂਲਾ ਆਪ ਲੜਕੇ ਵਾਲਿਆਂ ਦੇ ਘਰ ਗਿਆ। ਉਹਨਾਂ ਨੂੰ ਤਸੱਲੀ ਦੇ ਕੇ ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ।ਇਲਾਕੇ ਦੇ ਹਾਕਮ ਦੇ ਡਰ ਤੋਂ ਜੰਗਲ ਵਿਚ ਹੀ ਰਾਤ ਦੇ ਘੁੱਪ ਹਨੇਰੇ ਵਿਚ ਅੱਗ ਬਾਲੀ ਗਈ। ਪਿੰਡ ਦੇ ਸਾਰੇ ਲੋਕ ਇੱਕਠੇ ਹੋ ਗਏ। ਦੁੱਲਾ ਭੱਟੀ ਨੇ ਆਪ ਧਰਮ ਪਿਤਾ ਬਣ ਕੇ ਸੁੰਦਰੀ ਅਤੇ ਮੁੰਦਰੀ ਦਾ ਕੰਨਿਆ ਦਾਨ ਕੀਤਾ।ਗਰੀਬ ਬ੍ਰਾਹਮਣ ਦਹੇਜ ਵਿਚ ਕੁਝ ਨਾ ਦੇ ਸਕਿਆ। ਪਿੰਡ ਦੇ ਲੋਕਾਂ ਨੇ ਉਸਦੀ ਭਰਪੂਰ ਮਦਦ ਕੀਤੀ।ਦੁੱਲਾ ਭੱਟੀ ਕੋਲ ਉਹਨਾਂ ਕੁੜੀਆਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ, ਕੇਵਲ ਸ਼ੱਕਰ ਸੀ।ਉਸ ਨੇ ਉਹੀ ਕੁੜੀਆਂ ਨੂੰ ਸ਼ਗਨ ਦੇ ਰੂਪ ਵਿਚ ਦਿੱਤੀ। ਇਸ ਘਟਨਾ ਪਿੱਛੋਂ ਹਰ ਸਾਲ ਲੋਹੜੀ ਦਾ ਤਿਓਹਾਰ ਹਿੰਦੂ, ਮੁਸਲਿਮ ਦਾ ਭੇਦ-ਭਾਵ ਮਿਟਾ ਕੇ ਦਇਆ ਦਾ ਸੰਚਾਰ ਕਰਨ ਲੱਗਾ।

ਖੇਤੀ ਤੇ ਸਰਦ ਰੁੱਤ ਨਾਲ ਸੰਬੰਧ— ਇਸ ਤਿਓਹਾਰ ਦਾ ਸੰਬੰਧ ਫ਼ਸਲ ਨਾਲ ਵੀ ਹੈ ਤੇ ਸਿਖਰ ਤੇ ਪੁੱਜ ਚੁੱਕੀ ਸਰਦੀ ਦੀ ਰੁੱਤ ਨਾਲ ਵੀ ਹੈ।ਇਸ ਸਮੇਂ ਕਿਸਾਨ ਦੇ ਖੇਤ ਕਣਕ, ਛੋਲਿਆਂ ਤੇ ਸਰ੍ਹੋਂ ਨਾਲ ਲਹਿਲਹਾ ਰਹੇ ਹੁੰਦੇ ਹਨ।ਇਸ ਤਿਉਹਾਰ ਦਾ ਸੰਬੰਧ ਰੁੱਤ ਨਾਲ ਵੀ ਹੈ। ਮਾਘ ਦੇ ਮਹੀਨੇਵਿਚ ਸਰਦੀ ਦੀ ਰੁੱਤ ਆਪਣੇ ਜ਼ਬਨ ਤੇ ਹੁੰਦੀ ਹੈ। ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ।ਸੱਚਮੁੱਚ ਹੀ ਇਸ ਤੋਂ ਪਿੱਛੋਂ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ।

ਮਨਾਉਣ ਦਾ ਢੰਗ— ਲੋਹੜੀ ਦਾ ਦਿਨ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਗਲੀਆਂ ਵਿਚ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਗੀਤ ਗਾਉਂਦੀਆਂ ਹੋਈਆ ਲੋਹੜੀ ਮੰਗਦੀਆਂ ਫਿਰਦੀਆਂ ਹਨ।ਕੋਈ ਉਨ੍ਹਾਂ ਨੂੰ ਦਾਣੇ ਦਿੰਦਾ ਹੈ, ਕੋਈ ਗੁੜ੍ਹ, ਕੋਈ ਪਾਥੀਆਂ ਅਤੇ ਕਈ ਪੈਸੇ। ਲੋਹੜੀ ਮੰਗਣ ਵਾਲੀਆਂ ਟੋਲੀਆਂ ਦੇ ਗਲੀਆਂ ਵਿਚ ਗੀਤ ਗੂੰਜਦੇ ਹਨ-

“ਗੋਰਾ ਜੰਮਿਆ ਸੀ, ਗੁੜ ਵੰਡਿਆ ਸੀ।

ਮਾਈ ਦੇਸ ਲੋਹੜੀ, ਤੇਰੀ ਜੀਵੇ ਜੋੜੀ!”

ਸਾਡੇ ਪੈਰਾਂ ਹੇਠਾਂ ਰੋੜ,

ਸਾਨੂੰ ਛੇਤੀ ਛੇਤੀ ਤੋਰ।”

ਇਸ ਦਿਨ ਭਰਾ ਭੈਣਾਂ ਲਈ ਲੋਹੜੀ ਲੈ ਕੇ ਜਾਂਦੇ ਹਨ। ਉਹ ਪਿੰਨੀਆਂ ਤੇ ਖਾਣ-ਪੀਣ ਦੇ ਹੋਰ ਸਮਾਨ ਸਹਿਤ ਕੋਈ ਹੋਰ ਸੁਗਾਤ ਵੀ ਭੈਣ ਦੇ ਘਰ ਪੁਜਾਉਂਦੇ ਹਨ।ਜਿਸ ਘਰ ਵਿਚ ਬੀਤੇ ਸਾਲ ਵਿਚ ਮੁੰਡੇ ਨੇ ਜਨਮ ਲਿਆ ਹੁੰਦਾ ਹੈ, ਉਸ ਘਰ ਵਿਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ।ਇਸ ਘਰ ਦੀਆਂ ਇਸਤਰੀਆਂ ਸਾਰੇ ਮੁਹੱਲੇ ਵਿਚ ਮੁੰਡੇ ਦੀ ਲੋਹੜੀ ਵੰਡਦੀਆਂ ਹਨ, ਜਿਸ ਵਿਚ ਗੁੜ, ਮੂੰਗਫਲੀ ਤੇ ਰਿਉੜੀਆਂ ਆਦਿ ਸ਼ਾਮਿਲ ਹੁੰਦੀਆਂ ਹਨ। ਸਾਰਾ ਦਿਨ ਉਸ ਘਰ ਵਿਚ ਲੋਹੜੀ ਮੰਗਣ ਵਾਲੇ ਮੁੰਡਿਆਂ-ਕੁੜੀਆਂ ਦੇ ਗੀਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ।ਰਾਤ ਵੇਲੇ ਵੱਡੇ ਵੀ ਇਨ੍ਹਾਂ ਰੌਣਕਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ। ਖੁਲ੍ਹੇ ਵਿਹੜੇ ਵਿਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਕੇ ਵੱਡੀ ਧੂਣੀ ਲਾਈ ਜਾਂਦੀ ਹੈ। ਕਈ ਇਸਤਰੀਆਂ ਘਰ ਵਿਚ ਮੁੰਡਾ ਹੋਣ ਦੀ ਖੁਸ਼ੀ ਵਿਚ ਚਰਖਾ ਜਾਂ ਮੰਜਾ ਹੀ ਬਾਲ ਦਿੰਦੀਆਂ ਹਨ। ਇਸਤਰੀਆਂ ਤੇ ਮਰਦ ਰਾਤ ਦੇਰ ਤੱਕ ਧੂਣੀ ਸੇਕਦੇ ਹੋਏ ਰਿਉੜੀਆਂ, ਮੂੰਗਫਲੀ, ਭੁੱਗਾ ਆਦਿ ਖਾਂਦੇ ਹਨ ਤੇ ਧੂਣੀ ਵਿਚ ਤਿਲਚੌਲੀ ਆਦਿ ਸੁੱਟਦੇ ਹਨ।ਅੱਧੀ ਰਾਤ ਤੋਂ ਪਿੱਛੋਂ ਧੂਣੀ ਦੀ ਅੱਗ ਦੇ ਠੰਢੀ ਪੈਣ ਤੱਕ ਇਹ ਮਹਿਫਲ ਲੱਗੀ ਰਹਿੰਦੀ ਹੈ।

ਸਾਰਾਂਸ਼— ਇਸ ਤਿਓਹਾਰ ਦੇ ਦਿਨ ਅਸੀਂ ਹਵਨ ਕਰਕੇ ਦੇਵਤਿਆਂ ਨੂੰ ਖੁਸ਼ ਕਰਦੇ ਹਾਂ ਅਤੇ ਪੰਜਾਬ ਦੇ ਵੀਰ ਸਪੁੱਤਰ ਦੁੱਲਾ ਭੱਟੀ ਨੂੰ ਯਾਦ ਕਰਦੇ ਹਾਂ। ਇਹ ਤਿਉਹਾਰ ਏਕਤਾ ਦਾ ਪ੍ਰਤੀਕ ਹੈ। ਬਲਦੀ ਹੋਈ ਅੱਗ ਦੀਆਂ ਲਾਟਾਂ ਉੱਪਰ ਉੱਠਣ ਦਾ ਸੁਨੇਹਾ ਦਿੰਦੀਆਂ ਹਨ। ਦੇਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਸਾਨੂੰ ਪ੍ਰੇਨਾ ਦਿੰਦੀਆਂ ਹਨ।

Leave a Reply