Punjabi Essay, Paragraph on “ਕਿਸੇ ਤੀਰਥ ਸਥਾਨ ਦੀ ਯਾਤਰਾ” “Kise Tirath Sthan di Yatra” Best Punjabi Lekh-Nibandh for Class 6, 7, 8, 9, 10 Students.

ਕਿਸੇ ਤੀਰਥ ਸਥਾਨ ਦੀ ਯਾਤਰਾ

Kise Tirath Sthan di Yatra

ਜਾਂ

ਕਿਸੇ ਧਾਰਮਿਕ ਸਥਾਨ ਦੀ ਯਾਤਰਾ

Kisa Dharmik Shan di Yatra

ਜਾਂ

ਅੰਮ੍ਰਿਤਸਰ ਦੀ ਸੈਰ

Amritsar di Sair

 

ਭੂਮਿਕਾ— ਅਮਰਤਾ ਦਾ ਸ਼ਹਿਰ ‘ਅਮ੍ਰਿਤਸਰ’ ਜਿਸ ਬਾਰੇ ਗੁਰੂ ਅਰਜਨ ਦੇਵ ਜੀ ਨੇ ਡਿੱਠੇ ਸੱਭੇ ਥਾਵ ਨਹੀਂ ਤੁਧੁ ਜੇਹਿਆ’ ਆਖ ਕੇ ਇਸ ਨੂੰ ਸੰਸਾਰ ਦੇ ਸ਼ਰੋਮਣੀ ਸ਼ਹਿਰਾਂ ਦਾ ਸਿਰਮੋਰ ਬਣਾਇਆ, ਅਸਲ ਵਿਚ ਸਿਫਤੀ ਦਾ ਘਰ ਹੈ।ਭਾਈ ਨੰਦ ਲਾਲ ਇਸ ਨੂੰ ਮਹੱਤਤਾ ਅਤੇ ਪਵਿੱਤਰਤਾ ਵਿਚ ‘ਅਠਾਰਹੁ ਤੀਰਥਾਂਤੋਂ ਵੀ ਵਧ ਮਿਲਦਾ ਹੈ। ਡਾਕਟਰ ਟੈਗੋਰ ਇਸ ਨੂੰ ਆਪਣੇ ਰੰਗਲੇ ਸਵਰਗੀ ਸੁਪਨਿਆਂ ਦਾ ਸਿਖਰ ਆਖਦਾ ਹੈ।

 

ਅੰਮ੍ਰਿਤਸਰ ਦਾ ਜਨਮ – ਸ੍ਰੀ ਗੁਰੂ ਰਾਮਦਾਸ ਜੀ ਨੇ 1573 ਈ. ਵਿਚ ਇੱਥੇ ਇਕ ਢਾਬ ਨੂੰ ਸਰੋਵਰ ਦਾ ਰੂਪ ਦੇਣ ਲਈ ਦੁੱਖ ਭੱਜਨੀ ਬੇਰੀ ਦੇ ਕੋਲ ਇਕ ਟੱਕ ਲਾਇਆ ਸੀ, ਪਰ 1574 ਈ. ਵਿਚ ਗੁਰੂ ਜੀ ਦੇ ਅਕਾਲ ਚਲਾਣਾ ਕਰ ਜਾਣ ਕਾਰਨ, ਇਹ ਕੰਮ ਠੱਪ ਹੋ ਗਿਆ।1577 ਈ. ਵਿਚ ਸਰੋਵਰ ਦੀ ਖੁਦਾਈ ਮੁੜ ਅਰੰਭ ਹੋਈ।ਇਸ ਦੇ ਨਾਲ ਹੀ ਇਕ ਨਗਰ ‘ਗੁਰੂ ਦਾ ਚੱਕ’ ਵੀ ਵਸਾਇਆ ਗਿਆ। ਬਾਅਦ ਵਿਚ ਇਸ ਦਾ ਨਾਂ ਚੱਕ ਰਾਮ ਦਾਸ ਜਾਂ ‘ਰਾਮਦਾਸ-ਪੁਰਾ’ ਵੀ ਵਜਦਾ ਰਿਹਾ। ਜਦੋਂ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦਾ ਕੰਮ ਨੇਪਰੇ ਚਾੜ੍ਹਿਆ ਤਾਂ ਇਸ ਦਾ ਨਾਂ ‘ਅਮ੍ਰਿਤ ਸਰ’ ਰੱਖਣ ਕਾਰਨ ਨਗਰ ਦਾ ਨਾਂ ਵੀ ਅਮ੍ਰਿਤਸਰ ਹੀ ਲੋਕਾਂ ਦੇ ਮੂੰਹਾਂ ਤੇ ਚੜ੍ਹ ਗਿਆ।

 

ਧਾਰਮਿਕ ਮਹਾਨਤਾ— ਪੁਰਾਤਨ ਇਤਿਹਾਸ ਦੇ ਘੋਖਣ ਤੋਂ ਪਤਾ ਲਗਦਾ ਹੈ ਕਿ ਹਰਿਮੰਦਰ ਸਾਹਿਬ ਵਾਲੀ ਥਾਂ ਰਿਸ਼ੀਆਂ- ਮੁਨੀਆਂ ਨੇ ਬੜੇ ਤੱਪ ਕੀਤੇ।ਸੀਤਾ ਜੀ ਨੇ ਆਪਣੇ ਬਨਵਾਸ ਸਮੇਂ ‘ਲਵ ਤੇ ਕੁਸ਼’ ਨੂੰ ਇੱਥੇ ਜਨਮ ਦਿੱਤਾ ਸੀ।

 

ਹਰਿਮੰਦਰ ਸਾਹਿਬ— ਮੈਂ ਆਪਣੇ ਪਿਤਾ ਜੀ ਨਾਲ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਚੰਡੀਗੜ੍ਹ ਤੋਂ ਅੰਮ੍ਰਿਤਸਰ ਪੁੱਜਾ। ਅਸੀਂ ਆਪਣਾ ਸਮਾਨ ਗੁਰੂ ਰਾਮਦਾਸ ਸਰਾਂ ਵਿਚ ਜਮ੍ਹਾਂ ਕਰਵਾ ਦਿੱਤਾ।ਫਿਰ ਅਸੀਂ ਵੱਡੇ ਗੇਟ ਰਾਹੀਂ ਸਰੋਵਰ ਦੀ ਪਰਕਰਮਾ ਵਿਚ ਪੁੱਜੇ ਤਾਂ ਪਿਤਾ ਜੀ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਨੀਂਹ ਸਾਈਂ ਮੀਆਂ ਮੀਰ ਜੀ ਤੋਂ ਰਖਵਾ ਕੇ ਸਭ ਦੇ ਸਾਂਝੇ ਹੋਣ ਦਾ ਸਬੂਤ ਦਿੱਤਾ ਸੀ। ਹਰਿਮੰਦਰ ਨੂੰ ਇਤਿਹਾਸ ਦੇ ਅਨੇਕਾਂ ਉਤਾਰ-ਚੜ੍ਹਾਅ ਵੇਖਣੇ ਪਏ। 1762ਈ: ਵਿਚ ਅਹਿਮਦ ਸ਼ਾਹ ਅਬਦਾਲੀ ਨੇ ਇਸ ਨੂੰ ਬਾਰੂਦ ਨਾਲ ਉਡਵਾ ਦਿੱਤਾ ਸੀ। 1764 ਈ: ਵਿਚ ਇਸ ਦੀ ਮੁੜ ਉਸਾਰੀ ਹੋਈ।ਅਸੀਂ ਪਰਕਰਮਾ ਕਰਦੇ ਹੋਏ ਦਰਸ਼ਨੀ ਡਿਉੜੀ ਕੋਲ ਪੁੱਜੇ, ਅਸੀਂ ਪ੍ਰਸ਼ਾਦ ਲੈ ਕੇ ਅੰਦਰ ਗਏ। ਉਸ ਵੇਲੇ ਮਨੋਹਰ ਕੀਰਤਨ ਹੋ ਰਿਹਾ ਸੀ। ਇਸ ਦੀਆਂ ਕੰਧਾਂ ਤੇ ਸੋਨੇ ਦੇ ਪੱਤਰੇ ਲਗੇ ਹੋਏ ਹਨ।ਜਿਨ੍ਹਾਂ ਦੀ ਸੇਵਾ 1802 ਈ: ਵਿਚ ਮਹਾਰਾਜ ਰਣਜੀਤ ਸਿੰਘ ਨੇ ਕਰਵਾਈ ਸੀ। ਇਸੇ ਕਰਕੇ ਇਸ ਨੂੰ ਸਵਰਨ ਮੰਦਰ (Golden Temple) ਵੀ ਆਖਦੇ ਹਨ। ਹਰਿਮੰਦਰ ਤੋਂ ਦਰਸ਼ਨੀ ਡਿਉੜੀ ਤੱਕ ਜਾਣ ਲਈ ਇਕ ਸੁੰਦਰ ਪੁੱਲ ਬਣਿਆ ਹੋਇਆ ਹੈ। ਮੰਦਰ ਦੇ ਚਾਰ ਬੂਹੇ ਇਹ ਪ੍ਰਮਾਣਤ ਕਰਦੇ ਹਨ ਕਿ ਇਹ ਮੰਦਰ ਚਾਰੇ ਵਰਣਾਂ (ਜਾਤੀਆਂ) ਲਈ ਖੁਲ੍ਹਾ ਹੈ।

 

ਅਕਾਲ ਤਖ਼ਤ – ਦਰਸ਼ਨੀ ਡਿਉੜੀ ਦੇ ਬਿਲਕੁਲ ਸਾਹਮਣੇ ਅਸੀਂ ਅਕਾਲ ਤਖ਼ਤ ਦੇ ਦਰਸ਼ਨ ਕੀਤੇ। ਜੋ 1607 ਈ: ਵਿਚ ਛੇਵੇਂ ਗੁਰੂ ਹਰਿਗੋਬਿੰਦ ਜੀ ਦੁਆਰਾ ਬਣਾਇਆ ਗਿਆ ਸੀ, ਇਹ ਸਿੱਖ ਪੰਥ ਦਾ ਸ਼ਰੋਮਣੀ ਤਖ਼ਤ ਹੈ। ਇੱਥੇ ਹੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਨੇ ‘ਮੀਰੀ’ ਅਤੇ ‘ਪੀਰੀ’ ਨਾਂਦੀਆਂ ਦੋ ਤਲਵਾਰਾਂ ਪਹਿਣੀਆਂ ਸਨ।

 

ਸਿੱਖ ਅਜਾਇਬ ਘਰ— ਫਿਰ ਅਸੀਂ ਸਿੱਖ ਅਜਾਇਬ ਘਰ ਦੇ ਦਰਸ਼ਨ ਕੀਤੇ। ਇਹ ਦਰਬਾਰ ਸਾਹਿਬ ਦੀ ਪਰਕਰਮਾ ਦੇ ਵਿਚ ਹੀ ਬਣਿਆ ਹੋਇਆ ਹੈ। ਇੱਥੇ ਸਿੱਖ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਨੂੰ ਚਿੱਤਰਾਂ ਰਾਹੀਂ ਉਲੀਕਿਆ ਹੋਇਆ ਹੈ।ਇੱਥੇ ਹੀ ਸਿੱਖ ਗੁਰੂਆਂ ਦੀਆਂ ਹੱਥ ਲਿਖਤਾਂ ਅਤੇ ਹਥਿਆਰ ਆਦਿ ਵੀ ਸੁਰੱਖਿਅਤ ਪਏ ਹਨ।ਭਾਈ ਮਤੀ ਦਾਸ ਅਤੇ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਸਮੇਂ ਦੇ ਚਿੱਤਰ ਵੇਖ ਕੇ ਮੇਰਾ ਮਨ ਭਰ ਆਇਆ।

 

ਜਲ੍ਹਿਆਂ ਵਾਲਾ ਬਾਗ਼- ਫਿਰ ਅਸੀਂ ਜਲ੍ਹਿਆਂ ਵਾਲੇ ਬਾਗ਼ ਵਿਚ ਗਏ। ਇੱਥੇ ਹੀ 13 ਅਪ੍ਰੈਲ, 1919 ਨੂੰ ਅੰਗਰੇਜ਼ਾਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਭਾਰਤੀਆਂ ਨੂੰ ਜਨਰਲ ਡਾਇਰ ਨੇ ਗੋਲੀਆਂ ਨਾਲ ਭੁੰਨ ਸੁੱਟਿਆ ਸੀ।ਕੱਧਾਂ ਉੱਤੇ ਹੁਣ ਵੀ ਗੋਲੀਆਂ ਦੇ ਨਿਸ਼ਾਨ ਹਨ। ਸ਼ਹੀਦਾਂ ਦੀ ਯਾਦ ਵਿਚ ਬਾਗ਼ ਵਿਚ ਬਣਾਈ ਗਈ ਸ਼ਹੀਦਾਂ ਦੀ ਲਾਟ ਨੂੰ ਅਸੀਂ ਪ੍ਰਣਾਮ ਕੀਤਾ।

 

ਦੁਰਗਿਆਣਾ ਮੰਦਰ— ਫਿਰ ਅਸੀਂ ਦੁਰਗਿਆਣਾ ਮੰਦਰ ਦੇਖਣ ਗਏ ਜੋ ਹਰਿਮੰਦਿਰ ਸਾਹਿਬ ਦੇ ਨਕਸ਼ੇ ਤੇ 1921 ਈ. ਵਿਚ ਉਸਾਰਿਆ ਗਿਆ ਸੀ।

 

ਵਿਦਿਅਕ ਕੇਂਦਰ— ਅੰਮ੍ਰਿਤਸਰ ਵਿਦਿਆ ਦਾ ਵੀ ਕੇਂਦਰ ਹੋਣ ਕਰਕੇ ਅਸੀਂ ਖਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਵੇਖਣ ਗਏ। ਖਾਲਸਾ ਕਾਲਜ ਦੀ ਇਮਾਰਤ ਤਾਂ ਦੂਰੋਂ ਪੁਰਾਣੇ ਕਿਲ੍ਹੇ ਵਰਗੀ ਜਾਪਦੀ ਹੈ।ਪਰ ਯੂਨੀਵਰਸਿਟੀ ਨਵੇਂ ਨਕਸ਼ੇ ਦੇ ਆਧਾਰ ਤੇ ਬਣਾਈ ਗਈ ਹੈ ਜਿਸ ਦਾ ਖੇਤਰ ਬਹੁਤ ਵਿਸ਼ਾਲ ਹੈ।

 

ਵਪਾਰਕ ਕੇਂਦਰ— ਅਮ੍ਰਿਤਸਰ ਵਪਾਰ ਦਾ ਵੀ ਕੇਂਦਰ ਹੈ।ਵਾਪਸ ਆਉਂਦੇ ਰਸਤੇ ਵਿਚ ਪਿਤਾ ਜੀ ਨੇ ਮੈਨੂੰ ਦੱਸਿਆ ਕਿ ਇਹ ਸ਼ਹਿਰ ਉਦਯੋਗਿਕ ਅਤੇ ਵਪਾਰਕ ਕੇਂਦਰ ਵੀ ਹੈ।ਇੱਥੇ ਰੇਸ਼ਮੀ, ਊਨੀ ਅਤੇ ਸੂਤੀ ਕੱਪੜੇ ਦੇ ਕਾਰਖਾਨੇ ਹਨ।ਇੱਥੋਂ ਦੀਆਂ ਬਣੀਆਂ ਪਾਪ- ਵੜੀਆਂ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਜਾਂਦੀਆਂ ਹਨ।

 

ਸਾਰਾਂਸ਼- ਧਾਰਮਿਕ ਤੇ ਤੀਰਥ ਸਥਾਨ ਦੀ ਯਾਤਰਾ ਸਾਡੇ ਮਨ ਵਿਚ ਧਾਰਮਿਕ ਭਾਵਨਾ ਪੈਦਾ ਕਰਦੀ ਹੈ।ਇਹਨਾਂ ਸਥਾਨਾਂ ਦੀ ਯਾਤਰਾ ਕਰਕੇ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੇ ਵਿਰਸੇ ਤੋਂ ਜਾਣੂ ਹੁੰਦੇ ਹਾਂ।

Leave a Reply