Punjabi Essay, Paragraph on “ਟੈਲੀਵੀਜ਼ਨ ਦੇ ਲਾਭ ਅਤੇ ਹਾਨੀਆਂ” “TV de Labh ate Haniya” Best Punjabi Lekh-Nibandh for Class 6, 7, 8, 9, 10 Students.

ਟੈਲੀਵੀਜ਼ਨ ਦੇ ਲਾਭ ਅਤੇ ਹਾਨੀਆਂ

TV de Labh ate Haniya

ਭੂਮਿਕਾ- 20 ਵੀਂ ਸਦੀ ਵਿਗਿਆਨਕ ਕਾਢਾਂ ਦੀ ਸਦੀ ਹੈ। ਇਹਨਾਂ ਵਿਚੋਂ ਬਹੁਤ ਸਾਰੀਆਂ ਕਾਢਾਂ ਨੇ ਮਨੁੱਖੀ ਉੱਨਤੀ ਵਿਚ ਯੋਗਦਾਨ ਦਿੱਤਾ ਹੈ। ਇਹਨਾਂ ਵਿਚੋਂ ਟੈਲੀਵੀਜ਼ਨ (ਦੂਰਦਰਸ਼ਨ) ਆਧੁਨਿਕ ਵਿਗਿਆਨ ਦੀ ਇਕ ਅਦਭੁੱਤ ਕਾਢ ਹੈ।ਇਸ ਵਿਚ ਰੇਡਿਓ ਅਤੇ ਸਿਨੇਮਾ ਦੋਹਾਂ ਦੇ ਗੁਣ ਸਮਾਏ ਹੋਏ ਹਨ।

ਟੈਲੀਵੀਜ਼ਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਹੈ। ਇਸ ਸ਼ਬਦ ਵਿਚ ‘Tele ‘ਟੈਲੀ’ ਤੋਂ ਭਾਵ ‘ਦੂਰ ਦਾ’ ਅਤੇ ‘Vision’ ‘ਵੀਜ਼ਨ’ ਤੋਂ ਭਾਵ ‘ਦ੍ਰਿਸ਼’ ਹੈ ਅਰਥਾਤ ਦੂਰ ਦੇ ਦ੍ਰਿਸ਼ ਦੇਖਣ ਨੂੰ ਟੈਲੀਵੀਜ਼ਨ ਆਖਦੇ ਹਨ।

 

ਇਤਿਹਾਸ- ਆਧੁਨਿਕ ਟੈਲੀਵੀਜ਼ਨ ਦਾ ਇਤਿਹਾਸ 1925 ਤੋਂ ਅਰੰਭ ਹੁੰਦਾ ਹੈ। ਇੰਗਲੈਂਡ ਦੇ ਵਿਗਿਆਨਕ ਜਾਨ ਐਲ ਬੇਅਰਡ ਨੇ ਇਸ ਕਾਢ ਨੂੰ ਸੰਸਾਰ ਦੇ ਸਨਮੁੱਖ ਰੱਖਿਆ।ਇਸ ਕਾਢ ਨੂੰ ਸਫ਼ਲ ਅਤੇ ਪ੍ਰਭਾਵਪੂਰਨ ਬਣਾਉਣ ਵਿਚ ਹੋਰ ਵਿਗਿਆਨਕਾਂ ਦਾ ਯੋਗਦਾਨ ਵੀ ਰਿਹਾ ਹੈ। ਦੂਰਦਰਸ਼ਨ ਦੁਆਰਾ ਜਨਤਾ ਲਈ ਸਭ ਤੋਂ ਪਹਿਲਾਂ ਬੀ. ਬੀ. ਸੀ. ਲੰਡਨ ਨੇ ਸੰਨ 1936 ਵਿਚ ਪ੍ਰਸਾਰਨ-ਸੇਵਾ ਅਰੰਭ ਕੀਤੀ ਸੀ। ਭਾਰਤ ਵਿਚ ਸਭ ਤੋਂ ਪਹਿਲਾਂ ਟੈਲੀਵੀਜ਼ਨ ਇਕ ਨੁਮਾਇਸ਼ ਵਿਚ ਆਇਆ ਸੀ।ਅਕਤੂਬਰ, 1959 ਵਿਚ ਡਾ. ਰਾਜਿੰਦਰ ਪ੍ਰਸਾਦ ਨੇ ਦਿੱਲੀ ਵਿਖੇ ਆਕਾਸ਼ਵਾਣੀ ਦੇ ਟੈਲੀਵੀਜ਼ਨ ਵਿਭਾਗ ਦਾ ਉਦਘਾਟਨ ਕੀਤਾ। 1970 ਵਿਚ ਮਦਰਾਸ, ਲਖਨਊ, ਕਲਕੱਤੇ ਅਤੇ 1976 ਵਿਚ ਜਲੰਧਰ ਵਿਚ ਨਵੇਂ ਕੇਂਦਰ ਕਾਇਮ ਹੋਏ। 1975 ਵਿਚ ਉਪਗ੍ਰਹਿ ਦੀ ਸਹਾਇਤਾ ਨਾਲ ਲਗਪਗ ਪੂਰੇ ਦੇਸ ਵਿਚ ਟੈਲੀਵੀਜ਼ਨ ਦੇ ਪ੍ਰੋਗਰਾਮ ਦਾ ਪ੍ਰਸਾਰਨ ਕੀਤਾ ਜਾਣ ਲੱਗਾ। ਸਤੰਬਰ 1984 ਈ. ਵਿਚ ਦੇਸ ਦੇ 122 ਪ੍ਰਮੁੱਖ ਸ਼ਹਿਰਾਂ ਵਿਚ ਟੈਲੀਵੀਜ਼ਨ ਟਰਾਂਸਮੀਟਰ ਲਗਾ ਕੇ ਇਸ ਦੇ ਪ੍ਰਚਾਰ ਸਾਧਨ ਨੂੰ ਵਿਕਸਿਤ ਕੀਤਾ ਗਿਆ। 17 ਸਤੰਬਰ, 1984 ਈ. ਨੂੰ ਦੂਰਦਰਸ਼ਨ ਦੇ ਦੂਜੇ ਚੈਨਲ ਦਾ ਉਦਘਾਟਨ ਕੀਤਾ ਗਿਆ। 15 ਅਗਸਤ 1993 ਤੋਂ ਭਾਰਤ ਵਿਚ ਹੀ ਬਹੁ-ਚੈਨਲ ਪ੍ਰਣਾਲੀ ਚਾਲੂ ਹੋ ਗਈ ਜਿਸ ਵਿਚ ਭਿੰਨ-ਭਿੰਨ ਵਿਸ਼ਿਆਂ ਤੇ ਭਿੰਨ-ਭਿੰਨ ਚੈਨਲ ਸਹੂਲਤ ਪ੍ਰਾਪਤ ਹੈ।

 

ਲਾਭ- ਟੈਲੀਵੀਜ਼ਨ ਦੇ ਅਜੋਕੇ ਮਨੁੱਖ ਨੂੰ ਬਹੁਤ ਸਾਰੇ ਲਾਭ ਹਨ, ਜੋ ਹੇਠ ਲਿਖੇ ਹਨ—

 

ਮਨੋਰੰਜਨ ਦਾ ਸਾਧਨ— ਟੈਲੀਵੀਜ਼ਨ ਅਜੋਕੇ ਮਨੁੱਖ ਦੇ ਮਨੋਰੰਜਨ ਦਾ ਸਾਧਨ ਹੈ।ਇਸ ਸਮੇਂ ਦੇਸ ਭਰ ਦੇ ਟੈਲੀਵੀਜ਼ਨ ਕੇਂਦਰਾਂ ਤੋਂ ਭਿੰਨ-ਭਿੰਨ ਪ੍ਰਕਰ ਦੇ ਮਨੋਰੰਜਨਕਰਨ ਵਾਲੇ ਪ੍ਰੋਗਰਾਮ— ਫਿਲਮਾਂ, ਚਿੱਤਰਹਾਰ, ਗੀਤ, ਨਾਚ, ਨਾਟਕ, ਚੁਟਕਲਿਆਂ, ਕਹਾਣੀਆਂ ਆਦਿ ਪੇਸ਼ ਕਰਨ ਤੋਂ ਬਿਨਾਂ ਲੋਕਾਂ ਦੇ ਗਿਆਨ ਵਿਚ ਵਾਧਾ ਕਰਨ ਵਾਲੇ ਵਿਦਿਅਕ ਉੱਨਤੀ ਵਿਚ ਸਹਾਇਤਾ ਕਰਨ ਵਾਲੇ, ਇਸਤਰੀਆਂ ਤੇ ਬੱਚਿਆਂ ਦੇ ਵਿਕਾਸ ਵਿਚ ਮਦਦ ਕਰਨ ਵਾਲੇ, ਨਵੇਂ ਉੱਠ ਰਹੇ ਕਲਾਕਾਰਾਂ ਦਾ ਉਤਸ਼ਾਹ ਵਧਾਉਣ ਵਾਲੇ ਭਿੰਨ-ਭਿੰਨ ਪ੍ਰਕਰ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ, ਜੋ ਕਿ ਲੋਕਾਂ ਵਿਚ ਬਹੁਤ ਹਰਮਨ ਪਿਆਰੇ ਹਨ।ਇਸ ਤੋਂ ਬਿਨਾਂ ਕੇਬਲ ਟੀ. ਵੀ. ਤੇ ਭਾਰਤ ਦੇ ਮੈਟਰੋ ਚੈਨਲ ਵੱਖਰੇ ਪ੍ਰੋਗਰਾਮ ਪੇਸ਼ ਕਰਦੇ ਹਨ।

 

ਜਾਣਕਾਰੀ ਤੇ ਗਿਆਨ ਦਾ ਸੋਮਾਂ— ਟੈਲੀਵੀਜ਼ਨ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਸਾਨੂੰ ਭਿੰਨ-ਭਿੰਨ ਉਸਾਰੂ ਕੰਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਰਾਹੀਂ ਕਈ ਚੀਜ਼ਾਂ ਦੇ ਪ੍ਰਦਰਸ਼ਨ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਖੇਤੀਬਾੜੀ ਦੇ ਉਨੱਤ ਸੰਦਾਂ ਤੇ ਸਾਧਨਾਂ ਦੀ ਵਰਤੋਂ, ਬੀਜ ਬੀਜਣ ਦੇ ਢੰਗਾਂ, ਕੀੜੇਮਾਰ ਦਵਾਈਆਂ ਦੀ ਵਰਤੋਂ ਫ਼ਸਲ ਸੰਭਾਲਣ ਦੀ ਜਾਣਕਾਰੀ ਆਦਿ।

ਇਸੇ ਕਾਰ ਹੀ ਹਵਾਈ ਹਮਲੇ ਤੋਂ ਬਚਾਓ, ਮੁਰਗੀਆਂ ਪਾਲਣ ਵਰਗੇ ਕੰਮਾਂ, ਬੱਚਿਆਂ ਦੀ ਪੜ੍ਹਾਈ ਤੇ ਸਿਹਤ ਦੀ ਸੰਭਾਲ ਆਦਿ ਲਈ ਅਸੀਂ ਇਸ ਤੋਂ ਬਹੁਤ ਕੀਮਤੀ ਜਾਣਕਾਰੀ ਪ੍ਰਾਪਤ ਕਰਦੇ ਹਾਂ।

 

ਵਪਾਰਕ ਲਾਭ- ਟੈਲੀਵੀਜ਼ਨ ਦਾ ਤੀਜਾ ਵੱਡਾ ਲਾਭ ਵਪਾਰਕ ਅਦਾਰਿਆਂ ਨੂੰ ਹੈ। ਇਸ ਰਾਹੀਂ ਵਪਾਰੀ ਲੋਕ ਆਪਣੇ ਮਾਲ ਦੀ ਮਸ਼ਹੂਰੀ ਕਰ ਕੇ ਲਾਭ ਕਮਾਉਂਦੇ ਹਨ, ਜਿਸ ਨਾਲ ਮੰਗ ਵਧਦੀ ਹੈ ਤੇ ਦੇਸ਼ ਵਿਚ ਮਾਲ ਦੀ ਪੈਦਾਵਾਰ ਵਿਚ ਵਾਧਾ ਹੁੰਦਾ ਹੈ।

 

ਤਾਜ਼ੀਆਂ ਖ਼ਬਰਾਂ ਦੀ ਜਾਣਕਾਰੀ— ਇਸ ਦਾ ਚੌਥਾ ਵੱਡਾ ਲਾਭ ਤਾਜ਼ੀਆਂ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਦੇਣਾ ਹੈ। ਭਾਵੇਂ ਇਹ ਕੰਮ ਅਖ਼ਬਾਰਾਂ ਵੀ ਕਰਦੀਆਂ ਹਨ, ਪਰ ਅਖਬਾਰਾਂ ਬੀਤੇ ਦਿਨ ਦੀਆਂ ਖ਼ਬਰਾਂ ਦਿੰਦੀਆਂ ਹਨ, ਜਦ ਕਿ ਟੈਲੀਵੀਜ਼ਨ ਰੇਡਿਓ ਵਾਂਗ ਉਸ ਦਿਨ ਵਾਪਰੀਆਂ ਜਾ ਕੁਝ ਸਮਾਂ ਪਹਿਲਾਂ ਵਾਪਰੀਆਂ ਖ਼ਬਰਾਂ ਸੰਬੰਧੀ ਸਚਿੱਤਰ ਜਾਣਕਾਰੀ ਦਿੰਦਾ ਹੈ।

 

ਰੋਜ਼ਗਾਰ ਦਾ ਸਾਧਨ— ਇਸ ਦਾ ਅਗਲਾ ਵੱਡਾ ਲਾਭ ਇਹ ਹੈ ਕਿ ਟੈਲੀਵੀਜ਼ਨ ਸਟੇਸ਼ਨਾਂ ਉੱਤੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ ਤੇ ਨਾਲ ਹੀ ਕਲਾਕਾਰਾਂ ਦੀ ਰੋਜ਼ੀ ਚਲਦੀ ਹੈ।

 

ਲੋਕਾਂ ਦੀਆਂ ਰੁਚੀਆਂ ਤੇ ਵਿਚਾਰਾਂ ਨੂੰ ਮੋੜਾ ਦੇਣਾ- ਟੈਲੀਵੀਜ਼ਨ ਪ੍ਰਾਪੇਗੰਡੇ ਦਾ ਪ੍ਰਮੁੱਖ ਸਾਧਨ ਹੋਣ ਕਰਕੇ ਇਸ ਰਾਹੀਂ ਸਰਕਾਰ ਲੋਕਾਂ ਦੀਆਂ ਰੁਚੀਆਂ ਤੇ ਵਿਚਾਰਾਂ ਨੂੰ ਜਿੱਧਰ ਚਾਹੇ ਮੋੜ ਸਕਦੀ ਹੈ। ਜੇਕਰ ਸਰਕਾਰ ਚੰਗੀ ਹੋਵੇ, ਤਾਂ ਲੋਕਾਂ ਨੂੰ ਉਸਾਰੂ ਕੰਮਾਂ ਵੱਲ ਲਾਉਣ ਵਿਚ ਟੈਲੀਵੀਜ਼ਨ ਬਹੁਤ ਹਿੱਸਾ ਪਾਉਂਦਾ ਹੈ, ਪਰ ਜੇਕਰ ਸਰਕਾਰ ਪਿਛਾਂਹ-ਖਿੱਚੂ ਵਿਚਾਰਾਂ ਦੀ ਹੋਵੇ, ਤਾਂ ਉਹ ਆਪਣੇ ਪਿਛਾਂਹ-ਖਿੱਚੂ ਪ੍ਰਾਪੇਗੰਡਾ ਨਾਲ ਕੰਮ ਨੂੰ ਗਿਰਾਵਟ ਵੱਲ ਲੈ ਜਾਂਦੀ ਹੈ।

 

ਕੇਬਲ ਟੀ.ਵੀ— ਟੀ.ਵੀ. ਦੇ ਖੇਤਰ ਵਿਚ ਹੁਣ ਇਕ ਹੋਰ ਤਾਰ ‘ਕੇਬਲ’ ਜੋੜਨ ਨਾਲ ਮਹਤੱਵਪੂਰਨ ਤਬਦੀਲੀ ਹੋ ਗਈ ਹੈ। ਇਸ ਨਾਲ ਵੀ ਮਨੋਰੰਜਨ ਹੁੰਦਾ ਹੈ। ਗਿਆਨ- ਵਾਧੇ ਦੇ ਮੌਕੇ ਵੱਧ ਗਏ ਹਨ। ਇਸ ਨਾਲ ਜ਼ਿਆਦਾਤਰ ਫ਼ਿਲਮਾਂ ਦਿਖਾਈਆਂ ਜਾਂਦੀਆਂ ਹਨ ਜਿਹਨਾਂ ਨੂੰ ਦੇਖ ਕੇ ਬੁੱਢੇ ਅਤੇ ਵਿਹਲੜ ਲੋਕ ਆਪਣਾ ਮਨ ਪਰਚਾਵਾ ਕਰ ਸਕਦੇ ਹਨ। ਉਹ ਬੇਕਾਰ ਬੈਠੇ ਉਕਤਾਉਂਦੇ ਨਹੀਂ ਸਗੋਂ ਰੁਝੇ ਰਹਿੰਦੇ ਹਨ ਨਹੀਂ ਤਾਂ ਉਹ ਬੇਕਾਰ ਬੈਠੇ ਦਿਮਾਗੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ।ਪਰ ਇਸ ਤੋਂ ਵਿਦਿਆਰਥੀ ਨੂੰ ਬਹੁਤ ਹਾਨੀ ਝਲਣੀ ਪੈਂਦੀ ਹੈ।ਨੌਜਵਾਨ ਫ਼ਿਲਮਾਂ ਦੇਖਣ ਵਿਚ ਵਧੇਰੇ ਰੁਚੀ ਲੈਂਦੇ ਹਨ। ਜਿਸ ਨਾਲ ਉਹਨਾਂ ਦੀ ਪੜ੍ਹਾਈ ਤੇ ਸਿੱਧਾ ਅਸਰ ਪੈਂਦਾ ਹੈ। ਕੁਝ ਬੱਚੇ ਆਪਣਾ ਸਾਰਾ ਸਮਾਂ ਕੇਵਲ ਟੀ. ਵੀ. ਦੇਖਣ ਵਿਚ ਗੁਜ਼ਾਰਦੇ ਹਨ। ਖੇਡਣ ਵੱਲੋਂ ਉਹਨਾਂ ਦੀ ਰੁਚੀ ਘਟ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਦਾ ਬਚਪਨ ਹੀ ਨਸ਼ਟ ਹੋ ਕੇ ਰਹਿ ਜਾਂਦਾ ਹੈ।

 

ਮੁੱਖ ਕੇਬਲ ਟੀ.ਵੀ, ਇਹ ਹਨ— ਜੀ(Zee), ਸਟਾਰ (Star), ਡੀ. ਡੀ. ਆਈ ਮੈਟਰੋ, (D. D. 1. Metro) ਬੀ. ਬੀ. ਸੀ, (B. B. C), ਜੈਨ (Jain) ਕਲਰਜ਼ (Colours), ਸੋਨੀ (Sony) | ਇਹਨਾਂ ਸਭ ਤੋਂ ਸਫ਼ਲ ਜ਼ੀ (Zee) ਟੀ. ਵੀ ਹੈ। ਇਸ ਦੇ ਪ੍ਰੋਗਰਾਮ ਜਾਪਾਨ ਦੇ ਏਸ਼ੀਆ ਟਾਵਰ ਦੀ ਸਹਾਇਤਾ ਨਾਲ ਪ੍ਰਸਾਰਤ ਕੀਤੇ ਜਾਂਦੇ ਹਨ।

 

ਹਾਨੀਆਂ— ਜਿੱਥੇ ਟੈਲੀਵੀਜ਼ਨ ਦੇ ਬਹੁਤ ਸਾਰੇ ਲਾਭ ਹਨ, ਉੱਥੇ ਇਸ ਦੀਆਂ ਕੁਝ ਹਾਨੀਆਂ ਵੀ ਹਨ। ਇਸ ਦੀ ਸਭ ਤੋਂ ਵੱਡੀ ਹਾਨੀ ਇਹ ਹੈ ਕਿ ਇਹ ਸੁਆਦਲੇ ਤੇ ਵੰਨ-ਸੁਵੰਨੇ ਪ੍ਰੋਗਰਾਮ ਦੇ ਕੇ ਮਨੁੱਖ ਦਾ ਬਹੁਤ ਸਾਰਾ ਸਮਾਂ ਨਸ਼ਟ ਕਰਦਾ ਹੈ। ਟੈਲੀਵੀਜ਼ਨ ਨੇ ਗਲੀ-ਮੁਹੱਲਿਆਂ ਵਿਚ ਰੌਲੇ-ਰੱਪੇ ਨੂੰ ਵੀ ਵਧਾਇਆ ਹੈ।

ਕਈ ਵਾਰ ਫਿਲਮਾਂ ਤੇ ਚਿੱਤਰਹਾਰ ਦੇ ਦ੍ਰਿਸ਼ ਇੰਨੇ ਨੰਗੇਜ਼ਵਾਦੀ ਹੁੰਦੇ ਹਨ ਕਿ ਸਾਊ ਲੋਕ ਉਹਨਾਂ ਨੂੰ ਆਪਣੇ ਪਰਿਵਾਰ ਵਿਚ ਬੈਠ ਕੇ ਦੇਖ ਨਹੀਂ ਸਕਦੇ।ਇਹਨਾਂ ਦਾ ਬੱਚਿਆਂ ਤੇ ਵਿਦਿਆਰਥੀਆਂ ਦੇ ਜੀਵਨ ਉੱਪਰ ਬੁਰਾ ਅਸਰ ਪੈਂਦਾ ਹੈ। ਸਕਰੀਨ ਦੀ ਤੇਜ਼ ਰਸ਼ਨੀ ਤੇ ਰੇਡਿਆਈ ਕਿਰਨਾਂ ਅੱਖਾਂ ਦੀ ਨਜ਼ਰ ਉੱਪਰ ਬੁਰਾ ਅਸਰ ਪਾਉਂਦੀਆਂ ਹਨ।

ਟੈਲੀਵੀਜ਼ਨ ਨੇ ਲੋਕਾਂ ਦੇ ਸਮਾਜਿਕ ਜੀਵਨ ਉੱਪਰ ਬਹੁਤ ਅਸਰ ਪਾਇਆ ਹੈ।ਲੋਕ ਸ਼ਾਮ ਵੇਲੇ ਇਕ ਦੂਜੇ ਦੇ ਘਰ ਜਾਣਾ ਤੇ ਮਿਲਣਾ-ਗਿਲਣਾ ਛੱਡ ਕੇ ਆਪਣੇ ਘਰ ਵਿਚ ਟੈਲੀਵੀਜ਼ਨ ਦੇ ਮੋਹਰੇ ਬੈਠਣਾ ਬਹੁਤ ਪਸੰਦ ਕਰਦੇ ਹਨ। ਜਦੋਂ ਕੋਈ ਮਿੱਤਰ ਜਾਂ ਗੁਆਂਢੀ ਦੂਸਰੇ ਦੇ ਘਰ ਜਾਂਦਾ ਹੈ, ਤਾਂ ਉਸ ਨੂੰ ਰੰਗ ਵਿਚ ਭੰਗ ਪਾਉਣ ਵਾਲਾ ਸਮਝਿਆ ਜਾਂਦਾ ਹੈ।

 

ਸਾਰਾਂਸ਼- ਇਸ ਸਾਰੀ ਚਰਚਾ ਤੋਂ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਟੈਲੀਵੀਜ਼ਨ ਆਧੁਨਿਕ ਵਿਗਿਆਨ ਦੀ ਇਕ ਅਦਭੁਤ ਕਾਢ ਹੈ।ਭਾਰਤ ਵਿਚ ਟੈਲੀਵੀਜ਼ਨ ਦੇ ਵਿਕਾਸ ਲਈ ਕਾਫ਼ੀ ਉੱਦਮ ਕੀਤਾ ਜਾ ਰਿਹਾ ਹੈ।

Leave a Reply