Punjabi Essay, Paragraph on “ਦੀਵਾਲੀ ਦਾ ਤਿਓਹਾਰ” “Diwali Da Tyohar” Best Punjabi Lekh-Nibandh for Class 6, 7, 8, 9, 10 Students.

ਦੀਵਾਲੀ ਦਾ ਤਿਓਹਾਰ 

Diwali Da Tyohar

ਭੂਮਿਕਾ— ਭਾਰਤ ਨੂੰ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ ਵੀ ਕਿਹਾ ਜਾਂਦਾ ਹੈ।ਇੱਥੇ ਰੁੱਤ ਜਾਂ ਮੌਸਮੀ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ਦਾ ਇਕ ਮਹਾਨ ਤੇ ਪ੍ਰਸਿੱਧ ਤਿਉਹਾਰ ਹੈ। ਇਹ ਤਿਓਹਾਰ ਖੁਸ਼ੀਆਂ ਅਤੇ ਚਾਵਾਂ ਨਾਲ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ।

ਦੀਵਾਲੀ ਦਾ ਅਰਥ— ਦੀਵਾਲੀ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਇਸ ਦਾ ਅਰਥ ਹੈ-ਦੀਪ + ਆਵਲੀ ਅਰਥਾਤ ਦੀਵਿਆਂ ਦੀਆਂ ਪਾਲਾਂ ਜਾਂ ਪੰਗਤੀਆਂ। ਸਪਸ਼ਟ ਹੈ ਕਿ ਇਹ ਤਿਓਹਾਰ ਪ੍ਰਕਾਸ਼ ਦਾ ਤਿਉਹਾਰ ਹੈ। ਆਦਿ ਕਾਲ ਤੋਂ ਹੀ ਮਨੁੱਖ ਇਹ ਕਾਮਨਾ ਕਰਦਾ ਆਇਆ ਹੈ ਕਿ ਹੇ ਪ੍ਰਭੂ ਮੈਨੂੰ ਹਨੇਰੇ ਤੋਂ ਪ੍ਰਕਾਸ਼ ਵੱਲ ਲੈ ਚਲ। ਦੀਵਾਲੀ ਦੀਵਿਆਂ ਦਾ ਤਿਓਹਾਰ ਹੈ, ਜਿੱਤ ਦਾ ਤਿਓਹਾਰ ਹੈ, ਗਿਆਨ ਦਾ ਤਿਓਹਾਰ ਹੈ।ਜਿਸ ਤਰ੍ਹਾਂ ਦੀਵੇ ਦਾ ਚਾਨਣ ਅੰਧਕਾਰ ਨੂੰ ਦੂਰ ਕਰਦਾ ਹੈ ਉਸੇ ਤਰ੍ਹਾਂ ਗਿਆਨ ਦਾ ਚਾਨਣ ਵੀ ਅਗਿਆਨ ਦੇ ਹਨੇਰੇ ਨੂੰ ਦੂਰ ਕਰਦਾ ਹੈ।

ਮਨਾਏ ਜਾਣ ਦੇ ਕਾਰਨ— ਦੀਵਾਲੀ ਨੂੰ ਮਨਾਏ ਜਾਣ ਦੇ ਕਈ ਕਾਰਨ ਹਨ।ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਪੂਰਾ ਕਰਕੇ ਸੀਤਾ ਜੀ ਨੂੰ ਪਾਪੀ ਰਾਵਣ ਦੇ ਪੰਜੇ ਵਿਚੋਂ ਛੁਡਾ ਕੇ ਅਯੋਧਿਆ ਵਾਪਸ ਆਏ ਸਨ।ਅਯੋਧਿਆ ਵਾਪਸ ਆਉਣ ਤੇ ਉਨ੍ਹਾਂ ਦਾ ਰਾਜ ਤਿਲਕ ਹੋਇਆ ਸੀ। ਇਸੇ ਖੁਸ਼ੀ ਵਿਚ ਅਯੋਧਿਆ ਵਾਸੀਆਂ ਨੇ ਦੀਪਮਾਲਾ ਕਰਕੇ ਉਨ੍ਹਾਂ ਦਾ ਸੁਆਗਤ ਕੀਤਾ।ਕ੍ਰਿਸ਼ਨ ਜੀ ਦੇ ਚਰਿੱਤਰ ਨਾਲ ਵੀ ਦੀਵਾਲੀ ਦਾ ਪ੍ਰਸੰਗ ਜੁੜਿਆ ਹੋਇਆ ਹੈ।ਲੋਕਾਂ ਦਾ ਵਿਸ਼ਵਾਸ ਹੈ ਕਿ ਭਗਵਾਨ ਕ੍ਰਿਸ਼ਨ ਜੀ ਨੇ ਇਸ ਤੋਂ ਇਕ ਦਿਨ ਪਹਿਲਾਂ ਨਰਕਾਸੁਰ ਨੂੰ ਮਾਰਿਆ ਸੀ। ਇਸੇ ਦਿਨ ਨਰਸਿੰਘ ਭਗਵਾਨ ਨੇ ਹਿਰਣਾਕਸ਼ਪ ਨੂੰ ਮਾਰ ਕੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸੀ।ਇਸੇ ਦਿਨ ਸਮੁੰਦਰ-ਮੰਥਨ ਨਾਲ ਲੱਛਮੀ ਜੀ ਪ੍ਰਗਟ ਹੋਈ ਸੀ। ਇੰਦਰ ਦਾ ਹੰਕਾਰ ਚੂਰ- ਚੂਰ ਕਰਨ ਲਈ ਭਗਵਾਨ ਕ੍ਰਿਸ਼ਨ ਨੇ ਗੋਕੁਲ ਵਾਸੀਆਂ ਤੋਂ ਦੀਵਾਲੀ ਤੋਂ ਇਕ ਦਿਨ ਪਿੱਛੋਂ ਗੋਵਰਧਨ ਪੂਜਾ ਕਰਵਾਈ ਸੀ।

ਇਸੇ ਪਵਿੱਤਰ ਤਿਓਹਾਰ ਦੇ ਪਿੱਛੋਕੜ ਨਾਲ ਇਕ ਹੋਰ ਘਟਨਾ ਜੁੜੀ ਹੋਈ ਹੈ। ਇਸੇ ਦਿਨਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ ਜਹਾਂਗੀਰ ਦੇ ਬੰਦੀਖਾਨੇ ਵਿਚੋਂ 52 ਰਾਜਿਆਂ ਸਮੇਤ ਮੁਕਤ ਹੋ ਕੇ ਅੰਮ੍ਰਿਤਸਰ ਪੁੱਜੇ ਸਨ।ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਸਿੱਖਾਂ ਨੇ ਦਰਬਾਰ ਸਾਹਿਬ ਵਿਚ ਦੀਪ-ਮਾਲਾ ਕੀਤੀ ਅਤੇ ਆਤਸ਼ਬਾਜ਼ੀ ਕੀਤੀ ਸੀ।ਇਸ ਕਾਰਨ ਅਮ੍ਰਿਤਸਰ ਵਿਚ ਦੀਵਾਲੀ ਵਿਸ਼ੇਸ਼ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਈ ਜਾਂਦੀ ਹੈ।ਜੈਨੀਆਂ ਦੇ 24ਵੇਂ ਤੀਰਥੰਕਰ ਮਹਾਵੀਰ ਸੁਆਮੀ, ਆਰੀਆ ਸਮਾਜ ਦੇ ਬਾਨੀ ਸਵਾਮੀ ਦਯਾਨੰਦ ਜੀ ਅਤੇ ਸਵਾਮੀ ਰਾਮਤੀਰਥ ਜੀ ਦਾ ਨਿਰਵਾਣ ਵੀ ਇਸੇ ਦਿਨ ਹੋਇਆ ਸੀ।

ਘਰਾਂ ਦੀ ਸਫ਼ਾਈ— ਦੀਵਾਲੀ ਦੇ ਮੌਕੇ ਲੋਕ ਘਰਾਂ ਦੀ ਸਫ਼ਾਈ ਕਰਦੇ ਹਨ।ਘਰਾਂ ਅਤੇ ਦੁਕਾਨਾਂ ਨੂੰ ਸਫੇਦੀ ਕਰਾਉਂਦੇ ਹਨ। ਦੀਵਾਲੀ ਦੀਆਂ ਤਿਆਰੀਆਂ ਕਈ-ਕਈ ਦਿਨ ਪਹਿਲਾਂ ਹੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।ਮਕਾਨਾਂ ਅਤੇ ਦੁਕਾਨਾਂ ਅੰਦਰ ਸਜਾਵਟਾਂ ਕੀਤੀਆਂ ਜਾਂਦੀਆਂ ਹਨ।

ਬਜ਼ਾਰਾਂ ਦੀ ਰੌਣਕ— ਦੀਵਾਲੀ ਵਾਲੇ ਦਿਨ ਬਜ਼ਾਰਾਂ ਵਿਚ ਖ਼ਾਸ ਰੌਣਕਾਂ ਹੁੰਦੀਆਂ ਹਨ। ਹਲਵਾਈਆਂ ਦੀਆਂ ਦੁਕਾਨਾਂ ਬੜੇ ਖ਼ਾਸ ਅਤੇ ਉਚੇਚੇ ਢੰਗ ਨਾਲ ਸਜਾਈਆਂ ਜਾਂਦੀਆਂ ਹਨ। ਬਜ਼ਾਰਾਂ ਵਿਚ ਇੰਨੀ ਭੀੜ ਹੁੰਦੀ ਹੈ ਕਿ ਮੋਢੇ ਨਾਲ ਮੋਢਾ ਖਹਿੰਦਾ ਹੈ। ਲੋਕ ਲੱਖਾਂ ਰੁਪਿਆਂ ਦਾ ਸਮਾਨ ਖਰੀਦ ਕੇ ਲੈ ਜਾਂਦੇ ਹਨ।

ਰਾਤ ਦਾ ਦ੍ਰਿਸ਼— ਦੀਵਾਲੀ ਦੀ ਰਾਤ ਸੱਜ ਵਿਆਹੀ ਮੁਟਿਆਰ ਵਾਂਗ ਚਮਕ ਉੱਠਦੀ । ਸੂਰਜ ਦੀ ਟਿਕੀ ਛਿਪਦੇ ਸਾਰ ਠਾਹ-ਠਾਹ ਦੀਆਂ ਅਵਾਜ਼ਾਂ ਸ਼ੁਰੂ ਹੋ ਜਾਂਦੀਆਂ ਹਨ।ਹਵਾਈਆਂ, ਫੁੱਲਝੜੀਆਂ ਅਤੇ ਪਟਾਕੇ ਚਲਾਏ ਜਾਂਦੇ ਹਨ। ਲੋਕ ਆਪਣੇ ਘਰਾਂ ਦੀਆਂ ਛੱਤਾਂ ਉੱਤੇ ਅਤੇ ਅੰਦਰੀਂ ਦੀਪਮਾਲਾ ਕਰਦੇ ਹਨ। ਕੋਈ ਦੀਵੇ ਜਗਾਉਂਦਾ ਹੈ, ਕੋਈ ਮੋਮਬੱਤੀਆਂ ਤੇ ਕੋਈ ਅਮੀਰ ਲੋਕ ਬਿਜਲੀ ਦੇ ਲਾਟੂਆਂ ਦੀਆਂ ਲੜੀਆਂ ਜਗਾਉਂਦੇ ਹਨ। ਸਾਰਾ ਸ਼ਹਿਰ ਜਗ-ਮਗ ਕਰਨ ਲੱਗ ਪੈਂਦਾ ਹੈ। ਹਰ ਪਾਸੇ ਰੋਸ਼ਨੀ ਦੀਆਂ ਕਤਾਰਾਂ ਨਜ਼ਰ ਆਉਂਦੀਆਂ ਹਨ।

ਲਕਸ਼ਮੀ ਦੀ ਪੂਜਾ— ਕਈ ਲੋਕ ਦੀਵਾਲੀ ਨੂੰ ਲਕਸ਼ਮੀ ਜੀ ਦਾ ਤਿਉਹਾਰ ਮੰਨਦੇ ਹਨ ਅਤੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਨ। ਦੀਵਾਲੀ ਵਾਲੀ ਰਾਤ ਅਪਣੇ ਗਹਿਣੇ ਅਤੇ ਨਕਦੀ ਬਾਲ ਵਿਚ ਰੱਖ ਕੇ ਲਕਸ਼ਮੀ ਜੀ ਦੀ ਪੂਜਾ ਕਰਦੇ ਹਨ।ਲੋਕ ਸਾਰੀ ਰਾਤ ਆਪਣੇ ਘਰਾਂ ਵਿਚ ਰੋਸ਼ਨੀ ਰੱਖਦੇ ਹਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਦੀਵਾਲੀ ਦੀ ਰਾਤ ਲਕਸ਼ਮੀ ਦੇਵੀ ਘਰਾਂ ਵਿਚ ਫੇਰਾ ਪਾਉਂਦੀ ਹੈ।

ਮਨਾਉਣ ਦਾ ਢੰਗ — ਵੰਨ-ਸੁਵੰਨੇ ਸੰਸਾਰ ਦੇ ਵੰਨ-ਸੁਵੰਨੇ ਲੋਕਾਂ ਦਾ ਦੀਵਾਲੀ ਦਾ ਤਿਓਹਾਰ ਮਨਾਉਣ ਦਾ ਢੰਗ ਆਪੋ ਆਪਣਾ ਹੈ। ਕਈ ਲੋਕ ਜੂਆ ਖੇਡ ਕੇ ਅਤੇ ਨਸ਼ੇ ਦੀ ਵਰਤੋਂ ਕਰਕੇ ਦਿਲ ਦੀ ਭੜਾਸ ਕੱਢਦੇ ਹਨ। ਕਈ ਪੂਜਾ-ਪਾਠ ਕਰਕੇ ਖੁਸ਼ੀ ਅਨੁਭਵ ਕਰਦੇ ਹਨ। ਜੂਏ ਅਤੇ ਨਸ਼ੇ ਦੇ ਸ਼ੌਕੀਨ ਆਪਣੀ ਹੂੜ-ਮੱਤ ਕਾਰਨ ਕਈ ਵਾਰ ਦੀਵਾਲੀ ਦੀ ਰਾਤ ਆਪਣਾ ਦੀਵਾਲਾ ਹੀ ਕੱਢ ਲੈਂਦੇ ਹਨ ਅਤੇ ਇੰਝ ਆਪਣਾ ਝੁੱਗਾ ਚੌੜ ਕਰਕੇ ਆਪਣੀ ਕਿਸਮਤ ਨੂੰ ਕੌਸਦੇ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਤਰ੍ਹਾਂ ਦੀਆਂ ਸਮਾਜਕ ਬੁਰਾਈਆਂ ਦਾ ਤਿਆਗ ਕਰਕੇ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਖੁਸ਼ੀਆਂ ਅਤੇ ਖੇੜਿਆਂ ਦਾ ਖ਼ਜਾਨਾ ਸਮਝ ਕੇ ਇੰਝ ਮਨਾਈਏ ਕਿ ਬਾਅਦ ਵਿਚ ਪਛਤਾਉਂਣਾ ਨਾ ਪਵੇ।

ਅੰਮ੍ਰਿਤਸਰ ਦੀ ਦੀਵਾਲੀ— ਦੀਵਾਲੀ ਭਾਵੇਂ ਭਾਰਤ ਦੇ ਕੋਨੇ-ਕੋਨੇ ਵਿਚ ਮਨਾਈ ਜਾਂਦੀ ਹੈ, ਪਰ ਅੰਮ੍ਰਿਤਸਰ ਦੀ ਦੀਵਾਲੀ ਵਿਸ਼ੇ ਅਤੇ ਵਿਲੱਖਣ ਢੰਗ ਦੀ ਹੁੰਦੀ ਹੈ।ਲੋਕ ਦੂਰੋਂ-ਦੂਰੋਂ ਹੁੰਮ-ਹੁੰਮਾ ਕੇ ਅਮ੍ਰਿਤਸਰ ਪੁੱਜਦੇ ਹਨ। ਦਰਬਾਰ ਸਾਹਿਬ ਵਿਚ ਖਾਸ ਰੋਣਕਾਂ ਹੁੰਦੀਆਂ ਹਨ।ਰਾਤ ਨੂੰ ਹਰਿਮੰਦਰ ਸਾਹਿਬ ਵਿਚ ਆਤਸ਼ਬਾਜ਼ੀ ਦਾ ਦ੍ਰਿਸ਼ ਖਾਸ ਦੇਖਣਯੋਗ ਹੁੰਦਾ ਹੈ।ਇਸੇ ਲਈ ਆਖਿਆ ਗਿਆ ਹੈ—

ਦਾਲ ਰੋਟੀ ਘਰ ਦੀ,

ਦੀਵਾਲੀ ਅੰਮ੍ਰਿਤਸਰ ਦੀ |

ਸਾਰਾਂਸ਼—ਸਾਨੂੰ ਦੀਵਾਲੀ ਦਾ ਤਿਓਹਾਰ ਬੜੀ ਸ਼ਰਧਾ ਅਤੇ ਪਵਿੱਤਰਤਾ ਨਾਲ ਮਨਾਉਣਾ ਚਾਹੀਦਾ ਹੈ। ਦੀਵਾਲੀ ਅਸਲ ਵਿਚ ਸਾਂਝ ਪਾਉਣ ਵਾਲਾ ਭਾਈਚਾਰਕ ਤਿਓਹਾਰ ਹੈ। ਇਸ ਦਿਨ ਸਾਨੂੰ ਈਰਖਾ ਅਤੇ ਵੈਰ-ਵਿਰੋਧ ਛੱਡ ਕੇ ਅਤੇ ਆਪਸੀ ਵਿਤਕਰੇ ਤੇ ਭੇਦ-ਭਾਵ ਭੁਲਾ ਕੇ ਹਰ ਇਕ ਨਾਲ ਪਿਆਰ ਅਤੇ ਮੇਲ-ਮਿਲਾਪ ਨਾਲ ਰਹਿਣਾ ਚਾਹੀਦਾ ਹੈ।

ਇਸ ਦੇ ਨਾਲ-ਨਾਲ ਸਾਨੂੰ ਸਦਾ ਹੀ ਪ੍ਰਣ ਵੀ ਦੁਹਰਾਉਣਾ ਚਾਹੀਦਾ ਹੈ ਕਿ ਅਸੀਂ ਨਸ਼ੇ ਅਤੇ ਜੂਏ ਵਰਗੀਆਂ ਭੈੜੀਆਂ ਵਾਦੀਆਂ ਤੋਂ ਸਦਾ ਦੂਰ ਰਹੀਏ।

Leave a Reply