Punjabi Essay, Paragraph on “ਮੇਰਾ ਮਨ ਭਾਉਂਦਾ ਅਧਿਆਪਕ” “My Favourite Teacher” Best Punjabi Lekh-Nibandh for Class 6, 7, 8, 9, 10 Students.

ਮੇਰਾ ਮਨ ਭਾਉਂਦਾ ਅਧਿਆਪਕ

My Favourite Teacher

ਜਾਂ

ਮੇਰਾ ਪਿਆਰਾ ਅਧਿਆਪਕ

Mera Piyara Adhiyapak

 

ਭੂਮਿਕਾ— ਸਮੁੱਚੇ ਸ਼ਬਦਾਂ ਵਿਚ ਅਧਿਆਪਕ ਨੂੰ ਦੇਸ ਤੇ ਕੌਮ ਦਾ ਨਿਰਮਾਤਾ ਆਖਿਆ ਜਾਂਦਾ ਹੈ। ਉਹ ਇਕ ਅਜਿਹਾ ਚਾਨਣ ਮੁਨਾਰਾ ਹੁੰਦਾ ਹੈ, ਜਿਹੜਾ ਵਿਦਿਆਰਥੀਆਂ ਨੂੰ ਅਗਿਆਨਤਾਦੇ ਹਨੇਰੇ ਵਿਚੋਂ ਕੱਢ ਕੇ ਜੀਵਨ ਦੀਆਂ ਸਹੀ ਲੀਹਾਂ ਤੇ ਪਾਉਂਦਾ ਹੈ। ਇਕ ਚੰਗਾ ਅਧਿਆਪਕ ਹੀ ਵਿਦਿਆਰਥੀ ਦੇ ਗਿਆਨ ਦਾ ਤੀਜਾ ਨੇਤਰ ਖੋਲ੍ਹ ਸਕਦਾ ਹੈ ਅਤੇ ਵਿਦਿਆਰਥੀ ਨੂੰ ਸਮੁੱਚਾ ਜੀਵਨ ਸਹੀ ਅਰਥ ਵਿਚ ਜਿਊਣ ਦੇ ਯੋਗ ਬਣਾ ਸਕਦਾ ਹੈ।ਅਜਿਹੇ ਅਧਿਆਪਕਾਂ ਨੂੰ ਸਮੁੱਚਾ ਵਿਦਿਆਰਥੀ ਵਰਗ ਤੇ ਸਮਾਜ ਮਾਣ ਤੇ ਸਤਿਕਾਰ ਦਿੰਦਾ ਹੈ।ਅਜਿਹੇ ਹੀ ਗੁਣਾਂ ਦੀ ਗੁਥਲੀ ਹਨ ਮੇਰੇ ਵੀ ਪਿਆਰੇ ਅਧਿਆਪਕ ਸ. ਹਰਭਜਨ ਸਿੰਘ ਜੀ।

 

ਮਨ ਭਾਉਂਦਾ ਅਧਿਆਪਕ— ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਵਿਦਿਆਰਥੀ ਹਾਂ। ਇਸ ਸਕੂਲ ਵਿਚ ਲਗਭਗ 40 ਅਧਿਆਪਕ ਪੜ੍ਹਾਉਂਦੇ ਹਨ।ਉਂਝ ਤਾਂ ਸਾਰੇ ਹੀ ਪਿਆਰ ਅਤੇ ਸਤਿਕਾਰ ਦੇ ਪਾਤਰ ਹਨ ਪਰ ਇਹਨਾਂ ਸਾਰਿਆਂ ਵਿਚੋਂ ਮੇਰਾ ਮਨ ਭਾਉਂਦਾ ਅਧਿਆਪਕ ਹੈ ਸ: ਹਰਭਜਨ ਸਿੰਘ ਜੀ। ਉਹ ਐਮ. ਏ. ਬੀ. ਐਡ ਹਨ।

 

ਉਮਰ ਅਤੇ ਆਦਤਾਂ— ਉਹਨਾਂ ਦੀ ਉਮਰ ਲਗਭਗ 45 ਸਾਲਾਂ ਦੀ ਹੈ ਪਰ ਉਹ ਦੇਖਣ ਵਿਚ ਘੱਟ ਉਮਰ ਦੇ ਜਾਪਦੇ ਹਨ। ਉਹਨਾਂ ਦੀ ਸਿਹਤ ਚੰਗੀ ਹੈ। ਇਹ ਸਵੇਰੇ ਅਮ੍ਰਿਤ ਵੇਲੇ ਨੇਮ ਨਾਲ ਸੈਰ ਕਰਦੇ ਹਨ।ਆਪ ਇਕ ਉੱਚੇ-ਸੁੱਚੇ ਆਚਰਨ ਦੇ ਮਾਲਕ ਹਨ। ਉਹ ਇਕ ਬਹੁਤ ਹੀ ਨੇਕ ਅਤੇ ਧਾਰਮਿਕ ਵਿਚਾਰਾਂ ਵਾਲੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਉਹ ਹਮੇਸ਼ਾਂ ਸਾਦੇ ਅਤੇ ਸਾਫ਼-ਸੁੱਥਰੇ ਕੱਪੜੇ ਪਹਿਨਦੇ ਹਨ। ਉਹ ਹਰ ਵਿਦਿਆਰਥੀ ਨੂੰ ਪਿਆਰ ਕਰਦੇ ਹਨ। ਉਹ ਸਾਰੇ ਸਟਾਫ਼ ਅਤੇ ਵਿਦਿਆਰਥੀ ਵਿਚ ਮਾਣ ਤੇ ਸਤਿਕਾਰ ਯੋਗ ਸਥਾਨ ਰੱਖਦੇ ਹਨ।

 

ਪੜ੍ਹਾਉਣ ਦਾ ਤਰੀਕਾ— ਉਹ ਸਾਨੂੰ ਪੰਜਾਬੀ ਅਤੇ ਅੰਗਰੇਜ਼ੀ ਪੜ੍ਹਾਉਂਦੇ ਹਨ। ਉਹਨਾਂ ਨੂੰ ਆਪਣੇ ਵਿਸ਼ਿਆਂ ਵਿਚ ਪੂਰੀ ਮੁਹਾਰਤ ਹਾਸਤ ਹੈ ਅਤੇ ਉਹ ਇਹਨਾਂ ਬਾਰੇ ਵਿਸ਼ਾਲ ਗਿਆਨ ਰੱਖਦੇ ਹਨ। ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਇੰਨਾ ਸੋਖਾ ਹੈ ਕਿ ਨਲਾਇਕ ਤੋਂ ਨਲਾਇਕ ਵਿਦਿਆਰਥੀ ਵੀ ਪ੍ਰਸ਼ਨ ਨੂੰ ਆਸਾਨੀ ਨਾਲ ਸਮਝ ਲੈਂਦਾ ਹੈ। ਸਾਨੂੰ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਬਹੁਤ ਪਸੰਦ ਹੈ। ਉਹ ਹਰ ਪ੍ਰਸ਼ਨ ਬਲੈਕ ਬੋਰਡ ਤੇ ਹੱਲ ਕਰਕੇ ਹੀ ਸਮਝਾਉਂਦੇ ਹਨ। ਉਹਨਾਂ ਦੀ ਲਿਖਾਈ ਵੀ ਬਹੁਤ ਸੁੰਦਰ ਹੈ, ਉਹਨਾਂ ਦੁਆਰਾ ਲਿਖਿਆ ਗਿਆ ਇਕ-ਇਕ ਅੱਖਰ ਮੋਤੀਆਂ ਵਰਗਾ ਦਿਖਾਈ ਦਿੰਦਾ ਹੈ। ਉਹ ਪੜ੍ਹਾਈ ਕਰਾਉਂਦੇ ਸਮੇਂ ਪੂਰੀ ਤਰ੍ਹਾਂ ਸੁਚੇਤ ਰਹਿੰਦੇ ਹਨ।

 

ਯੋਗ ਅਧਿਆਪਕ- ਆਪ ਇਕ ਬਹੁਤ ਯੋਗ ਅਧਿਆਪਕ ਹਨ। ਉਹਨਾਂ ਦੀ ਜਮਾਤ ਵਿਚ ਪੂਰਨ ਅਨੁਸ਼ਾਸਨ ਹੁੰਦਾ ਹੈ।ਕਿਸੇ ਵੀ ਵਿਦਿਆਰਥੀ ਵਿਚ ਇੰਨੀ ਹਿੰਮਤ ਨਹੀਂ ਕਿ ਉਹ ਉਹਨਾਂ ਦੀ ਗੱਲ ਨੂੰ ਕੋਈ ਕੱਟ ਜਾਵੇ ਜਾਂ ਉਹਨਾਂ ਨਾਲ ਮਾੜਾ ਵਿਵਹਾਰ ਕਰ ਜਾਏ। ਉਹ ਹਰ ਗੱਲ ਨੂੰ ਦਲੀਲ ਨਾਲ ਕਰਦੇ ਹਨ। ਉਹ ਹਰ ਵੇਲੇ ਖੁਸ਼ ਰਹਿੰਦੇ ਹਨ।ਜੇਕਰ ਕੋਈ ਵਿਦਿਆਰਥੀ ਅਨੁਸ਼ਾਸ਼ਨ ਨੂੰ ਤੋੜੇ ਤਾਂ ਉਸ ਦੀ ਸੇਵਾ ਵੀ ਬਹੁਤ ਕਰਦੇ ਹਨ।

 

ਚੰਗੇ ਖਿਡਾਰੀ ਤੇ ਵਕਤਾ— ਸ: ਹਰਭਜਨ ਸਿੰਘ ਜੀ ਇਕ ਉੱਚ ਕੋਟੀ ਦੇ ਖਿਡਾਰੀ ਵੀ ਹਨ। ਉਹ ਸਾਡੇ ਸਕੂਲ ਦੀ ਹਾਕੀ ਟੀਮ ਦੇ ਇੰਚਾਰਜ ਵੀ ਹਨ। ਉਹ ਵਿਦਿਆਰਥੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਖਿਡਾਉਂਦੇ ਹਨ। ਉਹਨਾਂ ਦੀ ਮਿਹਨਤ ਸਦਕਾ ਹੀ ਸਾਡੇ ਸਕੂਲ ਦੀ ਹਾਕੀ ਦੀ ਟੀਮ ਹਰ ਸਾਲ ਜੇਤੂ ਰਹਿੰਦੀ ਹੈ।ਆਪ ਇਕ ਚੰਗੇ ਵਕਤਾ ਵੀ ਹਨ।ਸਕੂਲ ਵਿਚ ਹੋਣ ਵਾਲੇ ਹਰ ਸਮਾਗਮ ਵੇਲੇ ਉਹ ਸਟੇਜ ਦੀ ਕਾਰਵਾਈ ਪੂਰੀ ਯੋਗਤਾ ਨਾਲ ਨਿਭਾਉਂਦੇ ਹਨ।

 

ਚੰਗਾ ਸੁਭਾਅ- ਉਹਨਾਂ ਦਾ ਸੁਭਾਅ ਬਹੁਤ ਹੀ ਚੰਗਾ ਹੈ। ਉਹ ਸਕੂਲ ਦੇ ਹਰ ਵਿਦਿਆਰਥੀ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ। ਉਹ ਆਪਣੇ ਅਧਿਆਪਕ ਸਾਥੀਆਂ ਦਾ ਪੂਰਾ-ਪੂਰਾ ਸਤਿਕਾਰ ਕਰਦੇ ਹਨ। ਉਹ ਬਹੁਤ ਨਿਮਰਤਾ ਵਾਲੇ ਗੁਣਾਂ ਦੇ ਧਾਰਨੀ ਹਨ। ਉਹ ਹਰ ਸਮੱਸਿਆ ਦਾ ਹੱਲ ਗੱਲਬਾਤ ਦੁਆਰਾ ਕਰਦੇ ਹਨ। ਉਹਨਾਂ ਦੇ ਚਿਹਰੇ ਤੇ ਹਮੇਸ਼ਾ ਰੌਣਕ ਹੀ ਦਿਖਾਈ ਦਿੰਦੀ ਹੈ।ਨਿਮਰਤਾ ਤੇ ਮਿਠਾਸ ਉਹਨਾਂ ਦੇ ਸੁਭਾਅ ਦਾ ਅੰਗ ਬਣ ਚੁੱਕੇ ਹਨ।

 

ਹੋਰ ਵਿਸ਼ੇਸ਼ਤਾਵਾਂ- ਉਹ ਹਮੇਸ਼ਾਂ ਸਮੇਂ ਸਿਰ ਸਕੂਲ ਪਹੁੰਚਦੇ ਹਨ ਅਤੇ ਪ੍ਰਾਰਥਨਾ ਵਿਚ ਸ਼ਾਮਿਲ ਹੁੰਦੇ ਹਨ। ਉਹ ਨੇਕ ਦਿਲ ਤੇ ਇਮਾਨਦਾਰ ਹਨ, ਉਹ ਜੀ ਆਖਦੇ ਹਨ ਅਤੇ ਜੀ ਅਖਵਾਉਂਦੇ ਹਨ। ਉਹ ਹਮੇਸ਼ਾ ਸੱਚ ਬੋਲਦੇ ਹਨ, ਸਚਾਈ ਲਈ ਅੜ ਵੀ ਜਾਂਦੇ ਹਨ। ਉਹ ਸਕੂਲ ਵਿਚ ਇਕ ਆਦਰਸ਼ ਅਧਿਆਪਕ ਮੰਨੇ ਜਾਂਦੇ ਹਨ। ਉਹ ਕੇਵਲ ਮੇਰੇ ਹੀ ਨਹੀਂ ਸਗੋਂ ਸਾਰੇ ਅਧਿਆਪਕਾਂ ਤੇ ਸਮੁੱਚੇ ਵਿਦਿਆਰਥੀਆਂ ਦੇ ਪਿਆਰੇ ਤੇ ਸਨਮਾਨਯੋਗ ਹਨ।

 

ਸਾਰਾਂਸ਼— ਮੇਰੀਪ੍ਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਹਨਾਂ ਦੀ ਉਮਰ ਲੰਬੀ ਹੋਵੇ ਅਤੇ ਉਹ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਦੇਸ ਦੇ ਆਉਣ ਵਾਲੇ ਚੰਗੇ ਨੇਤਾ ਬਣਾਉਣ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣ ਅਤੇ ਦੇਸ ਤੇ ਕੌਮ ਦੀ ਸੇਵਾ ਕਰਦੇ ਰਹਿਣ।

Leave a Reply