Punjabi Essay, Paragraph on “ਰੇਲਵੇ ਸਟੇਸ਼ਨ ਦਾ ਨਜ਼ਾਰਾ” “Railway Station da Nazara” Best Punjabi Lekh-Nibandh for Class 6, 7, 8, 9, 10 Students.

ਰੇਲਵੇ ਸਟੇਸ਼ਨ ਦਾ ਨਜ਼ਾਰਾ

Railway Station da Nazara

ਭੂਮਿਕਾ- ਆਖਿਆ ਜਾਂਦਾ ਹੈ ਕਿ ਦੁਨੀਆਂ ਇਕ ਮੁਸਾਫਰਖਾਨਾ ਹੈ। ਕੋਈ ਇੱਥੇ ਆਉਂਦਾ ਹੈ ਅਤੇ ਕੋਈ ਇਥੋਂ ਚਲਾ ਜਾਂਦਾ ਹੈ। ਇਸ ਕਥਨ ਦੀ ਪੁਸ਼ਟੀ ਰੇਲਵੇ ਸਟੇਸ਼ਨ ਦਾ ਅੰਦਰੂਨੀ ਨਜ਼ਾਰਾ ਦੇਖ ਕੇ ਹੋ ਜਾਂਦੀ ਹੈ।ਇੱਥੇ ਰੰਗੀਨ ਦੁਨੀਆਂ ਦਾ ਇਕ ਰੰਗ-ਬਰੰਗਾਂ ਮੇਲਾ ਹੀ ਲੱਗਾ ਨਜ਼ਰ ਆਉਂਦਾ ਹੈ, ਜਿੱਥੇ ਹਰ ਪਾਸੇ ਭੱਜ-ਦੌੜ ਤੇ ਹਫ਼ੜਾ-ਦਫ਼ੜੀ ਪਈ ਹੁੰਦੀ ਹੈ।

 

ਸਟੇਸ਼ਨ ਤੇ ਪਹੁੰਚਣਾ— ਮੇਰੇ ਮਿੱਤਰ ਹਰਮਨਪ੍ਰੀਤ ਨੇ ‘ਸ਼ਾਨੇ ਪੰਜਾਬ` ਗੱਡੀ ਰਾਹੀਂ ਦਿੱਲੀ ਜਾਣਾ ਸੀ।ਮੈਂ ਉਸ ਨੂੰ ਗੱਡੀ ਚੜ੍ਹਾਉਣ ਲਈ ਸਟੇਸ਼ਨ ਤੇ ਗਿਆ। ਅਸੀਂ ਦੋਵੇਂ ਠੀਕ 3.15 ਵਜੇ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚ ਗਏ।ਮੈਂ ਦੇਖਿਆ ਸਟੇਸ਼ਨ ਦੇ ਬਾਹਰ ਲੋਕਾਂ ਦੀ ਬਹੁਤ ਭੀੜ ਲੱਗੀ ਹੋਈ ਸੀ। ਲੋਕ ਰਿਕਸ਼ਿਆਂ, ਆਟੋ ਰਿਕਸ਼ਿਆਂ, ਕਾਰਾਂ ਤੇ ਸਕੂਟਰਾਂ ਆਦਿ ਸਾਧਨਾਂ ਦੁਆਰਾ ਸਟੇਸ਼ਨ ਤੇ ਪਹੁੰਚ ਰਹੇ ਸਨ।

 

ਟਿਕਟ ਖਰੀਦਣਾ ਤੇ ਅੰਦਰ ਦਾਖ਼ਲ ਹੋਣਾ— ਮੇਰਾ ਮਿੱਤਰ ਟਿਕਟ ਖਰੀਦਣ ਵਾਸਤੇ ਗਿਆ। ਮੈਂ ਦੇਖਿਆ ਟਿਕਟ ਖਰੀਦਣ ਵਾਲਿਆਂ ਦੀ ਬਹੁਤ ਲੰਬੀ ਲਾਈਨ ਲੱਗੀ ਹੋਈ ਸੀ ਪਰ ਸਾਰੇ ਆਪਣੀ ਵਾਰੀ ਦੀ ਇੰਤਜ਼ਾਰ ਵਿਚ ਖੜ੍ਹੇ ਸਨ, ਕੋਈ ਕਿਸੇ ਕਿਸਮ ਦਾ ਧੱਕਮ-ਧੱਕਾ ਨਹੀਂ ਹੋ ਰਿਹਾ ਸੀ।ਅਖੀਰ 10-15 ਮਿੰਟ ਬਾਅਦ ਮੇਰਾ ਮਿੱਤਰ ਟਿਕਟ ਤੇ ਇਕ ਪਲੇਟ ਫਾਰਮ ਲੈ ਆਇਆ।ਅਸੀਂ ਸਮਾਨ ਕੁਲੀ ਨੂੰ ਚੁਕਾਇਆ ਅਤੇ ਅੰਦਰ ਦਾਖ਼ਲ ਹੋਏ ਅਤੇ ਇਕ ਪੁਲ ਤੋਂ ਲੰਘ ਕੇ ਪਲੇਟ ਫਾਰਮ ਤੇ ਪਹੁੰਚ ਗਏ। ਇਸ ਪੁਲ ਤੇ ਵੀ ਕਾਫ਼ੀ ਆਵਾਜਾਈ ਸੀ, ਕੋਈ ਪਲੇਟ ਫਾਰਮ ਦੇ ਅੰਦਰ ਜਾ ਰਿਹਾ ਸੀ ਅਤੇ ਕੋਈ ਸਟੇਸ਼ਨ ਤੋਂ ਬਾਹਰ ਜਾ ਰਿਹਾ ਸੀ।

 

ਮੇਲੇ ਵਰਗਾ ਦ੍ਰਿਸ਼— ਜਿਉਂ ਹੀ ਅਸੀਂ ਆਪਣਾ ਸਮਾਨ ਰੱਖ ਕੇ ਇਕ ਬੈਂਚ ਤੇ ਗੱਡੀ ਦੀ ਉਡੀਕ ਵਿਚ ਬੈਠੇ ਤਾਂ ਅਚਾਨਕ ਇਕ ਲਾਊਡ ਸਪੀਕਰ ਦੁਆਰਾ ਸੂਚਨਾ ਮਿਲੀ ਕਿ ਦਿੱਲੀ ਜਾਣ ਵਾਲੀ ਗੱਡੀ 40 ਮਿੰਟ ਦੇਰ ਨਾਲ ਆ ਰਹੀ ਹੈ। ਸਟੇਸ਼ਨ ਤੇ ਕਈ ਲੋਕ ਇੱਧਰ-ਉੱਧਰ ਘੁੰਮ ਰਹੇ ਸਨ, ਕੋਈ ਚਾਹ ਵਾਲੀ ਦੁਕਾਨ ਤੋਂ ਚਾਹ ਅਤੇ ਕੋਈ ਠੰਡਾ ਪੀ ਰਿਹਾ ਸੀ। ਕੋਈ ਛੋਲੇ ਭਟੂਰੇ ਅਤੇ ਕੋਈ ਕੁਲਫ਼ੀ ਜਾਂ ਆਈਸ ਕ੍ਰੀਮ ਖਾ ਰਿਹਾ ਸੀ। ਕੋਈ ਕਿਧਰੇ ਬੈਠਾ ਅਖ਼ਬਾਰ, ਨਾਵਲ ਜਾਂ ਰਸਾਲਾ ਪੜ੍ਹ ਰਿਹਾ ਸੀ। ਕੋਈ ਐਵੇਂ ਵਕਤ ਲੰਘਾਉਣ ਲਈ ਇੱਧਰ-ਉੱਧਰ ਟਹਿਲ ਰਿਹਾ ਸੀ। ਕੁਲੀ ਸਮਾਨ ਚੁੱਕੀ ਇੱਧਰ-ਉੱਧਰ ਆ ਜਾ ਰਹੇ ਸਨ।ਕਈ ਲੋਕ ਅਖ਼ਬਾਰਾਂ ਜਾਂ ਨਾਵਲ ਫਿਰ ਤੁਰ ਕੇ ਵੇਚ ਰਹੇਸਨ।

 

ਅਚਾਨਕ ਰੌਲਾ ਪੈਣਾ—ਮੈਂ ਦੇਖਿਆ ਕਿ ਅਚਾਨਕ ਕੁਝ ਲੋਕ ਇਕ ਪਾਸੇ ਵਲ ਦੌੜੇ ਜਾ ਰਹੇ ਸਨ।ਪੁੱਛਣ ਤੇ ਪਤਾ ਲੱਗਾ ਕਿ ਇਕ ਚੋਰ ਇਕ ਔਰਤ ਦਾ ਪਰਸ ਖੋਹ ਕੇ ਦੌੜ ਗਿਆ।ਲੋਕ ਵੀਬਿਨਾਂ ਕਿਸੇ ਡਰ ਭੈਅ ਦੇ ਗੱਡੀ ਦੀਆਂ ਲਾਈਨਾਂ ਪਾਰ ਕਰਦੇ ਉਸ ਦੇ ਮਗਰ ਦੌੜੇ ਜਾ ਰਹੇ ਸਨ। ਅਚਾਨਕ ਚੋਰ ਦਾ ਪੈਰ ਰੇਲਵੇ ਲਾਈਨ ਵਿਚ ਫਸ ਗਿਆ, ਉਹ ਮੂੰਹ ਭਾਰ ਡਿੱਗ ਪਿਆ। ਉਸ ਦੇ ਮੂੰਹ ਸਿਰ ਤੋਂ ਖੂਨ ਵਗ ਰਿਹਾ ਸੀ। ਲੋਕਾਂ ਨੇ ਉਸ ਨੂੰ ਫੜ ਕੇ ਬਹੁਤ ਮਾਰ-ਕੁਟਾਈ ਕੀਤੀ, ਪਰਸ ਔਰਤ ਨੂੰ ਵਾਪਸ ਕਰ ਦਿੱਤਾ ਅਤੇ ਚੋਰ ਨੂੰ ਰਲਵੇ ਪੁਲਿਸ ਦੇ ਹਵਾਲੇ ਕਰ ਦਿੱਤਾ।

 

ਬੰਡਲਾਂ ਦੇ ਢੇਰ— ਮੈਂ ਦੇਖਿਆ ਬਹੁਤ ਸਾਰੇ ਵੱਖ-ਵੱਖ ਕਿਸਮ ਦੇ ਛੋਟੇ ਵੱਡੇ ਬੰਡਲ ਸਟੇਸ਼ਨ ਤੇ ਪਏ ਸਨ, ਜਿਨ੍ਹਾਂ ਨੂੰ ਮਾਲ ਗੱਡੀ ਦੁਆਰਾ ਦੂਜੇ ਦੂਰ ਨੇੜੇ ਦੇ ਸ਼ਹਿਰਾਂ ਨੂੰ ਭੇਜਿਆ ਜਾਣਾ ਸੀ। ਹੋਰ ਕਈ ਤਰ੍ਹਾਂ ਦਾ ਭਾਰਾ ਸਮਾਨ ਰੇੜ੍ਹੀਆਂ ਤੇ ਲੱਦ ਕੇ ਸਹੀ ਟਿਕਾਣੇ ਤੇ ਪਹੁੰਚਿਆ ਜਾ ਰਿਹਾ ਸੀ।

 

ਗੱਡੀ ਦਾ ਆਉਣਾ— ਕਾਫ਼ੀ ਲੰਬੀ ਉਡੀਕ ਕਰਨ ਤੋਂ ਬਾਅਦ ਲਗਭਗ 4.10 ਤੇ ਗੱਡੀ ਪਲੇਟ ਫਾਰਮ ਤੇ ਪਹੁੰਚ ਗਈ। ਜਿਉਂ ਹੀ ਗੱਡੀ ਰੁੱਕੀ, ਚੜ੍ਹਨ ਵਾਲਿਆਂ ਨੇ ਧੱਕਮ ਧੱਕਾ ਕਰਦਿਆਂ ਬਾਰੀਆਂ ਕੋਲ ਭੀੜ ਪਾ ਦਿੱਤੀ ਅਤੇ ਗੱਡੀ ‘ਚੋਂ ਉਤਰਨ ਵਾਲਿਆਂ ਲਈ ਉਤਰਨਾ ਔਖਾ ਹੋ ਰਿਹਾ ਸੀ। ਇਸੇ ਧੱਕਮ ਧੱਕੇ ਵਿਚ ਦੋ ਔਰਤਾਂ ਦੇ ਕੱਪੜੇ ਵੀ ਪਾਟ ਗਏ। ਕਈ ਬੱਚੇ ਭੀੜ ਵਿਚ ਫਸੇ ਉੱਚੀ-ਉੱਚੀ ਚੀਕਾਂ ਮਾਰ ਰਹੇ ਸਨ। ਕੋਈ ਆਪਣਾ ਬੈਗ ਜਾਂ ਅਟੈਚੀ ਉੱਪਰ ਚੁੱਕ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਕੋਈ ਵਿਚਾਰਾ ਉਤਰਨ ਤੇ ਚੜ੍ਹਨ ਵਾਲਿਆਂ ਦੇ ਵਿਚਾਲੇ ਹੀ ਘੁੱਟਿਆ ਜਾ ਰਿਹਾ ਸੀ।ਅਖੀਰ ਦੋ-ਤਿੰਨ ਮਿੰਟ ਦੀ ਜੱਦੋਂ-ਜਹਿਦ ਮਗਰੋਂ ਸਾਰੇ ਆਰਾਮ ਨਾਲ ਗੱਡੀ ਵਿਚ ਬੈਠ ਗਏ।ਕਈ ਲੋਕ ਗੱਡੀ ਨਾਲ ਲੱਗੇ ਆਪਣੇ ਮਿੱਤਰਾਂ, ਰਿਸ਼ਤੇਦਾਰਾਂ ਨਾਲ ਗੱਲਾਂ- ਬਾਤਾਂ ਕਰ ਰਹੇ ਸਨ।

 

ਰਵਾਨਗੀ— ਅਖ਼ੀਰ ਗਾਰਡ ਨੇ ਹਰੀ ਝੰਡੀ ਦਿਖਾਈ, ਸੀਟੀ ਵਜਾਈ ਅਤੇ ਗੱਡੀ ਚੀਕ ਮਾਰ ਕੇ ਹੌਲੀ-ਹੌਲੀ ਆਪਣੀ ਮੰਜ਼ਲ ਵਲ ਵਧਣ ਲੱਗੀ।ਜਿਉਂ ਹੀ ਗੱਡੀ ਥੋੜ੍ਹੀ ਦੂਰ ਗਈ, ਮੈਂ ਦੇਖਿਆ ਸਟੇਸ਼ਨ ਤੇ ਰੌਲਾ-ਰੱਪਾ ਕਾਫ਼ੀ ਘਟ ਗਿਆ ਸੀ ਅਤੇ ਮਾਹੌਲ ਸ਼ਾਂਤ ਹੋ ਗਿਆ ਸੀ।ਪਰ ਮੇਰੇ ਕੰਨਾਂ ਵਿਚ ਅਜੇ ਵੀ ਰੌਲੇ-ਰੱਪੇ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ।

Leave a Reply