ਅਖ਼ਬਾਰਾਂ ਦੇ ਲਾਭ ਅਤੇ ਹਾਨੀਆਂ
Akhbara de Labh ate Haniya
ਭੂਮਿਕਾ— ਅਖ਼ਬਾਰ ਸ਼ਬਦ ‘ਖ਼ਬਰਾਂ’ ਸ਼ਬਦ ਦਾ ਬਹੁਵਚਨ ਹੈ। ਅਖ਼ਬਾਰ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਕੁਝ ਲੋਕਾਂ ਨੂੰ ਸਵੇਰੇ ਅਖ਼ਬਾਰ ਪੜ੍ਹੇ ਬਿਨਾਂ ਕੁਝ ਚੰਗਾ ਨਹੀਂ ਲਗਦਾ। ਸ਼ਹਿਰਾਂ ਵਿਚ ਖਾਸ ਕਰ ਪੜ੍ਹੇ-ਲਿਖੇ ਪਰਿਵਾਰਾਂ ਵਿਚ ਅਖ਼ਬਾਰਾਂ ਪੜ੍ਹਨੀ ਨਿੱਤ ਦੇ ਜੀਵਨ ਦਾ ਇਕ ਨਿੱਤ-ਨੇਮ ਅਤੇ ਅਨਿੱਖੜਵਾਂ ਅੰਗ ਬਣ ਗਿਆ ਹੈ।
ਅਖ਼ਬਾਰ ਦਾ ਅਰੰਭ ਤੇਰ੍ਹਵੀਂ ਸਦੀ ਵਿਚ ਇਟਲੀ ਵਿਚ ਹੋਇਆ ਮੰਨਿਆ ਜਾਂਦਾ ਹੈ।ਸੋਲ੍ਹਵੀਂ ਸਦੀ ਵਿਚ ਚੀਨ ਵਿਚ ‘ਪੀਕਿੰਗ ਗਜ਼ਟ’ ਛਪਿਆ ਸੀ। ਬ੍ਰਿਟੇਨ ਵਿਚ ਸੰਨ 1662 ਵਿਚ ਅਖ਼ਬਾਰ ਛਪਿਆ। ਭਾਰਤ ਵਿਚ ਸਭ ਤੋਂ ਪਹਿਲਾਂ ਅਖ਼ਬਾਰਾਂ 1785 ਈ. ਵਿਚ ‘ਬੰਗਾਲ ਗਜ਼ਟ` ਨਾਂ ਦਾ ਅਖ਼ਬਾਰ ਛਪਿਆ ਸੀ। ਪੰਜਾਬੀ ਦਾ ਸਭ ਤੋਂ ਪਹਿਲਾਂ ਅਖ਼ਬਾਰ 1867 ਈ. ਵਿਚ ‘ਸ੍ਰੀ ਦਰਬਾਰ ਸਾਹਿਬ’ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਇਆ ਸੀ।ਅੱਜ ਭਾਰਤ ਵਿਚ ਵੱਖ-ਵੱਖ ਬੋਲੀਆਂ ਵਿਚ ਛਪਣ ਵਾਲੇ ਅਖ਼ਬਾਰਾਂ ਦੀ ਗਿਣਤੀ ਬਹੁਤ ਵਧੇਰੇ ਹੈ।
ਜਾਣਕਾਰੀ- ਮਨੁੱਖ ਵਿਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਬੜੀ ਪ੍ਰਬੱਲ ਹੁੰਦੀ ਹੈ। ਅਖ਼ਬਾਰਾਂ ਮੁੱਖ ਤੌਰ ਤੇ ਮਨੁੱਖ ਦੀ ਇਸ ਇੱਛਾ ਨੂੰ ਹੀ ਪੂਰਾ ਕਰਦਾ ਹੈ। ਅਖ਼ਬਾਰ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਾਡੇ ਤੀਕ ਪਹੁੰਚਾਉਣ ਦਾ ਵਧੀਆ ਸਾਧਨ ਹਨ।ਅਸੀਂ ਘਰ ਬੈਠੇ ਦੇਸ਼-ਵਿਦੇਸ਼ਾਂ ਦੀਆਂ ਘਟਨਾਵਾਂ ਬਾਰੇ ਦਿਨ ਚੜ੍ਹਦੇ ਸਾਰੇ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਾਂ।
ਅਖ਼ਬਾਰ ਜਨਤਾ ਅਤੇ ਸਰਕਾਰ ਜਾਂ ਹੋਰ ਸੰਸਥਾਵਾਂ ਵਿਚਕਾਰ ਇਕ ਪੁੱਲ ਦਾ ਕੰਮ ਕਰਦਾ ਹੈ। ਸਰਕਾਰ ਦੇ ਲੋਕਾਂ ਲਈ ਕੀਤੇ ਜਾ ਰਹੇ ਕੰਮ ਸਰਕਾਰ ਦੇ ਕੰਮਾਂ ਬਾਰੇ ਲੋਕਾਂ ਦਾ ਪ੍ਰਤੀਕਰਮ ਪ੍ਰਗਟਾਉਂਦਾ ਹੈ।
ਪ੍ਰਾਪੇਗੰਡੇ ਦਾ ਸਾਧਨ- ਅਖ਼ਬਾਰਾਂ ਵਿਚ ਭਾਂਤ-ਭਾਂਤ ਦੇ ਇਸ਼ਤਿਹਾਰ ਵੀ ਛਾਪੇ ਜਾਂਦੇ ਹਨ।ਇਹ ਇਸ਼ਤਿਹਾਰ ਨੌਕਰੀ ਸੰਬੰਧੀ ਹੁੰਦੇ ਹਨ, ਜੋ ਬੇਰੁਜ਼ਗਾਰਾਂ ਨੂੰ ਨੌਕਰੀ ਲੱਭਣ ਵਿਚ ਸਹਾਇਤਾ ਕਰਦੇ ਹਨ।ਇਮਾਰਤ ਬਣਾਉਣ ਵਾਲੇ ਠੇਕੇਦਾਰਾਂ ਲਈ ਟੈਂਡਰ ਨੋਟਿਸ ਹੁੰਦੇ ਹਨ, ਵਿਆਹ-ਸ਼ਾਦੀ ਦੇ ਲੋੜ ਵੰਦਾਂ ਲਈ ਵੀ ਅਖ਼ਬਾਰਾਂ ਵਿਚ ‘ਮੈਟਰੀਮੋਨੀਅਲ’ ਜਾਂ ਵਿਆਹ ਸੰਬੰਧੀ ਇਸ਼ਤਿਹਾਰ ਵੀ ਛਪਦੇ ਹਨ। ਆਪਣੇ ਮਾਲ ਦੀ ਮਸ਼ਹੂਰੀ ਲਈ ਹਰ ਕੋਈ ਇਸ਼ਤਿਹਾਰ ਛੱਪਵਾਉਂਦਾ ਹੈ।ਇਹਨਾਂ ਨੂੰ ਪੜ੍ਹ ਕੇ ਹੀ ਅਸੀਂ ਪਤਾ ਕਰ ਲੈਂਦੇ ਹਾਂ ਕਿ ਕਿਹੜੀ ਚੀਜ਼ ਕਿਥੋਂ ਚੰਗੀ ਮਿਲ ਸਕਦੀ ਹੈ।
ਮਨੋਰੰਜਨ ਦਾ ਸਾਧਨ— ਅਖ਼ਬਾਰਾਂ ਵਿਚ ਸਾਡੇ ਮਨੋਰੰਜਨ ਲਈ ਚੁਟਕਲੇ, ਕਹਾਣੀਆਂ ਅਤੇ ਕਾਰਟੂਨ ਆਦਿ ਵੀ ਮਿਲਦੇ ਹਨ।ਇਹਨਾਂ ਵਿਚ ਲੱਗਭੱਗ ਹਰ ਉਮਰ ਦੇ ਮਨੁੱਖ ਲਈ ਦਿਲਚਸਪੀ ਦਾ ਮਸਾਲਾ ਹੁੰਦਾ ਹੈ। ਖ਼ਾਸ ਤੌਰ ਤੇ ਐਤਵਾਰ ਦੇ ਐਡੀਸ਼ਨ ਵਿਚ ਤਾਂ ਮਨੋਰੰਜਨ ਦਾ ਹਿੱਸਾ ਕਾਫ਼ੀ ਜ਼ਿਆਦਾ ਹੁੰਦਾ ਹੈ।
ਰੋਜ਼ਗਾਰ ਦਾ ਸਾਧਨ— ਅਖ਼ਬਾਰਾਂ ਛਾਪਣ ਤੇ ਵੰਡਣ ਵਿਚ ਲੱਖਾਂ ਹੀ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਲੇਖਕਾਂ ਨੂੰ ਲੇਖ ਲਿਖਣ ਤੇ ਉਹਨਾਂ ਦੀ ਮਿਹਨਤ ਦਾ ਸੇਵਾ ਫਲ ਵੀ ਦਿੱਤਾ ਜਾਂਦਾ ਹੈ।
ਵਪਾਰਕ ਲਾਭ- ਅਖ਼ਬਾਰਾਂ ਵਪਾਰੀਆਂ ਦੇ ਜੀਵਨ ਦਾ ਅਟੁੱਟ ਅੰਗ ਹਨ।ਇਹਨਾਂ ਤੋਂ ਬਿਨਾਂ ਉਹਨਾਂ ਦਾ ਵਪਾਰ ਆਸਾਨੀ ਨਾਲ ਨਹੀਂ ਹੋ ਸਕਦਾ। ਇਹਨਾਂ ਵਿਚ ਵਪਾਰੀ ਲੋਕ ਆਪਣੇ ਵਪਾਰ ਸੰਬੰਧੀ ਭਿੰਨ-ਭਿੰਨ ਚੀਜ਼ਾਂ ਸੰਬੰਧੀ ਇਸ਼ਤਿਹਾਰ ਦਿੰਦੇ ਹਨ। ਚੀਜ਼ਾਂ ਦੀਆਂ ਕੀਮਤਾਂ ਵਿਚ ਆਉਂਦੇ ਉਤਰਾ-ਚੜ੍ਹਾਅ ਬਾਰੇ ਅਖ਼ਬਾਰਾਂ ਰਾਹੀਂ ਹੀ ਪਤਾ ਚਲਦਾ ਹੈ ਅਤੇ ਉਹ ਚੀਜ਼ਾਂ ਦਾ ਲੈਣ- ਦੇਣ ਉਸ ਅਨੁਸਾਰ ਕਰਦੇ ਹਨ।
ਸੰਪਾਦਕੀ ਲੇਖਾਂ ਤੋਂ ਜਾਣਕਾਰੀ– ਅਖ਼ਬਾਰਾਂ ਵਿਚ ਖ਼ਬਰਾਂ ਤੋਂ ਉਪਰੰਤ ਅਖ਼ਬਾਰ ਦੇ ਸੰਪਾਦਕ ਵੱਲੋਂ ਸੰਪਾਦਕੀ ਲੇਖ ਵੀ ਲਿਖੇ ਹੁੰਦੇ ਹਨ। ਇਹ ਆਮ ਤੌਰ ਤੇ ਦੇਸ਼ ਦੀ ਬਦਲਦੀ ਹੋਈ ਸੱਭਿਆਚਾਰਕ, ਆਰਥਿਕ, ਸਮਾਜਿਕ, ਰਾਜਨੀਤਿਕ, ਧਾਰਮਿਕ ਸਥਿਤੀ ਨਾਲ ਸੰਬੰਧਿਤ ਹੁੰਦੇ ਹਨ। ਇਹਨਾਂ ਤੋਂ ਉਪਰੰਤ ਖੇਤੀਬਾੜੀ ਵਿਗਿਆਨ, ਉਦਯੋਗ, ਸਿਹਤ, ਖੇਡਾਂ ਸੰਬੰਧੀ ਵੀ ਭਾਂਤ-ਭਾਂਤ ਦੇ ਲੇਖ ਅਖ਼ਬਾਰਾਂ ਵਿਚ ਲਿਖੇ ਮਿਲਦੇ ਹਨ, ਜਿਹੜੇ ਕਿ ਉੱਚ ਕੋਟੀ ਦੇ ਲੇਖਕਾਂ ਵੱਲੋਂ ਲਿਖੇ ਹੁੰਦੇ ਹਨ। ਇਹਨਾਂ ਰਾਹੀਂ ਵੱਖੋ-ਵੱਖਰੇ ਵਿਚਾਰਾਂ ਸੰਬੰਧੀ ਸਾਡਾ ਦ੍ਰਿਸ਼ਟੀਕੋਣ ਸਪੱਸ਼ਟ ਹੁੰਦਾ ਹੈ।
ਘਰੇਲੂ ਇਸ਼ਤਿਹਾਰ- ਅਖ਼ਬਾਰਾਂ ਘਰੇਲੂ ਇਸ਼ਤਿਹਾਰਾਂ ਰਾਹੀਂ ਵਰ ਜਾਂ ਕੰਨਿਆ ਦੀ ਲੋੜ ਦੇ ਇਸ਼ਤਿਹਾਰ ਛਾਪ ਕੇ ਸਮਾਜ ਦੀ ਸੇਵਾ ਕਰਦੀਆਂ ਹਨ।ਇੰਝ ਕਈ ਜੋੜੀਆਂ ਜੁੜ ਜਾਂਦੀਆਂ ਹਨ ਅਤੇ ਮਾਪਿਆਂ ਨੂੰ ਆਪਣੇ ਧੀਆਂ-ਪੁੱਤਰਾਂ ਲਈ ਯੋਗ ਵਰ ਲੱਭ ਜਾਂਦੇ ਹਨ।
ਗਿਆਨ ਵਿਚ ਵਾਧਾ-ਅਖ਼ਬਾਰਾਂ ਸਾਡੇ ਨਿੱਤ ਦੇ ਗਿਆਨ ਭੰਡਾਰ ਵਿਚ ਵਾਧਾ ਕਰਦੀਆਂ ਹਨ।ਕਈ ਸੂਝਵਾਨ ਤੇ ਵਿਦਵਾਨ ਆਪਣੇ ਬਹੁਮੁੱਲੇ ਵਿਚਾਰ ਲੇਖ ਦੇ ਰੂਪ ਵਿਚ ਲਿਖ ਕੇ ਅਖ਼ਬਾਰਾਂਨੂੰ ਭੇਜ ਦਿੰਦੇ ਹਨ ਅਤੇ ਪਾਠਕ ਪੜ੍ਹ ਕੇ ਲਾਭ ਉਠਾਉਂਦੇ ਹਨ।ਕਈ ਲੇਖ ਤਾਂ ਕਈਆਂ ਦੇ ਜੀਵਨ ਬਦਲ ਦਿੰਦੇ ਹਨ।
ਵਿਦਿਆਰਥੀ ਲਈ ਉਪਯੋਗੀ— ਅਖ਼ਬਾਰਾਂ ਵਿਦਿਆਰਥੀਆਂ ਲਈ ਪ੍ਰੀਖਿਆ ਦੇ ਦ੍ਰਿਸ਼ਟੀਕੋਣ ਤੋਂ ਖਾਸ ਮਹਾਨਤਾ ਰਖੱਦੀਆਂ ਹਨ। ਪ੍ਰੀਖਿਆ ਵਿਚ ਪੁੱਛੇ ਜਾ ਸਕਦੇ ਸੰਭਵ ਪ੍ਰਸ਼ਨਾਂ ਦੇ ਸੰਕੇਤ ਤੇ ਉਹਨਾਂ ਦੇ ਢੁਕਵੇਂ ਉੱਤਰ ਵਿਦਿਆਰਥੀਆਂ ਨੂੰ ਅਖ਼ਬਾਰਾਂ ਦੇ ਪੰਨਿਆਂ ਤੋਂ ਹੀ ਪ੍ਰਸ਼ਨ ਦੇ ਉੱਤਰ ਵੀ ਅਖ਼ਬਾਰਾਂ ਵਿਚੋਂ ਮਿਲ ਜਾਂਦੇ ਹਨ।
ਖੇਡ ਦੇ ਮੈਦਾਨ ਬਾਰੇ— ਅਖ਼ਬਾਰਾਂ ਖੇਡਾਂ ਬਾਰੇ ਤੇ ਹਰ ਕੌਮਾਂਤਰੀ ਮੁਕਾਬਲਿਆਂ ਬਾਰੇ ਪੂਰੀ ਜਾਣਕਾਰੀ ਦਿੰਦੀਆਂ ਹਨ। ਅਸੀਂ ਰੇਡਿਓ ਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੇ ਵੇਰਵੇ ਅਖ਼ਬਾਰਾਂ ਵਿਚੋਂ ਵੀ ਵੇਖ ਸਕਦੇ ਹਾਂ।
ਸੰਸਾਰ ਨਾਲ ਸੰਪਰਕ- ਅਜੋਕਾ ਸੰਸਾਰ ਸੁੰਗੜ ਕੇ ਇਕ ਟੱਬਰ ਦਾ ਰੂਪ ਧਾਰਨ ਕਰ ਲੈਂਦਾ ਹੈ। ਜੇਕਰ ਕਿਸੇ ਦੇਸ ਵਿਚ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉਸ ਦੀ ਖ਼ਬਰ ਅਖ਼ਬਾਰਾਂ ਰਾਹੀਂ ਜੰਗਲ ਦੀ ਅੱਗ ਵਾਂਗ ਫ਼ੈਲ ਜਾਂਦੀ ਹੈ ਅਤੇ ਦੂਜੇ ਦੇਸ ਉਸ ਦੀ ਸਹਾਇਤਾ ਲਈ ਅਪੜ ਜਾਂਦੇ ਹਨ। ਇੰਝ ਅਖ਼ਬਾਰ ਰਾਹੀਂ ਸਾਡਾ ਸੰਪਰਕ ਦੂਜੇ ਦੇਸਾਂ ਨਾਲ ਬਣਿਆ ਰਹਿੰਦਾ ਹੈ।
ਹਾਨੀਆਂ— ਅਖ਼ਬਾਰਾਂ ਦੇ ਜਿੱਥੇ ਇੰਨੇ ਲਾਭ ਹਨ, ਉੱਥੇ ਇਹਨਾਂ ਦੀਆਂ ਬਹੁਤ ਸਾਰੀਆਂ ਹਾਨੀਆਂ ਵੀ ਹਨ-
ਭੜਕਾਊ ਪਰਚਾਰ– ਕਈ ਵਾਰ ਅਖ਼ਬਾਰਾਂ ਦੇ ਸੰਪਾਦਕ ਧਾਰਮਿਕ ਭਾਵਨਾ ਉਭਾਰ ਕੇ ਅਤੇ ਝੂਠੀਆਂ ਖ਼ਬਰਾਂ ਛਾਪ ਕੇ ਲੋਕਾਂ ਵਿਚ ਫਿਰਕੂ ਫ਼ਸਾਦ ਕਰਾ ਦਿੰਦੇ ਹਨ।
ਅਸ਼ਲੀਲਤਾ— ਕਈ ਅਖ਼ਬਾਰਾਂ ਦੇ ਸੰਪਾਦਕ ਪੈਸੇ ਕਮਾਉਣ ਲਈ ਨੰਗੀਆਂ ਤਸਵੀਰਾਂ ਅਤੇ ਕਾਮ ਉਕਸਾਊ ਵਿਸ਼ਿਆਂ ਸੰਬੰਧੀ ਖ਼ਬਰਾਂ ਛਾਪ ਕੇ ਲੋਕਾਂ ਨੂੰ, ਖ਼ਾਸ ਕਰ ਨੌਜਵਾਨਾਂ ਨੂੰ ਠੇਸ ਪਹੁੰਚਾਉਂਦੇ ਹਨ।
ਸਾਰਾਂਸ਼— ਪੱਤਰਕਾਰੀ ਬੜਾ ਆਦਰ-ਮਾਣ ਵਾਲਾ ਅਤੇ ਪਵਿੱਤਰ ਕਿੱਤਾ ਹੈ।ਅਖ਼ਬਾਰਾਂ ਦੇ ਸੰਪਾਦਕਾਂ ਨੂੰ ਚਾਹੀਦਾ ਹੈ ਕਿ ਉਹ ਅਖ਼ਬਾਰਾਂ ਵਿਚ ਉਸਾਰੂ ਲੇਖ ਅਤੇ ਸੱਚੀਆਂ ਖ਼ਬਰਾਂ ਛਾਪ ਕੇ ਅਖ਼ਬਾਰਾਂ ਨੂੰ ਲੋਕਾਂ ਦੀ ਭਲਾਈ ਲਈ ਵਰਦਾਨ ਸਿੱਧ ਕਰਨ।ਜੇ ਅਖ਼ਬਾਰਾਂ ਦੇ ਮਾਲਕ ਅਤੇ ਸੰਪਾਦਕ ਇਮਾਨਦਾਰੀ ਨਾਲ ਆਪਣੇ ਫ਼ਰਜ਼ਾਂ ਦੀ ਪਾਲਣਾ ਕਰਨ ਤੇ ਠੀਕ ਅਤੇ ਸਹੀ ਖ਼ਬਰਾਂ ਛਾਪਣ ਤਾਂ ਉਹ ਦੇਸ ਅਤੇ ਸਮਾਜ ਦੀ ਭਰਪੂਰ ਸੇਵਾ ਕਰ ਸਕਦੇ ਹਨ।